ਜੈੱਟ ਏਅਰਵੇਜ਼ ਦੇ ਨਰੇਸ਼ ਗੋਇਲ ਨੂੰ ਇਨਕਮ ਟੈਕਸ ਵਿਭਾਗ ਦਾ ਸੰਮਨ

06/15/2019 11:19:25 AM

ਨਵੀਂ ਦਿੱਲੀ — ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗਾਇਲ ਕੋਲੋਂ ਕਥਿਤ ਟੈਕਸ ਚੋਰੀ ਮਾਮਲੇ ਵਿਚ ਪੁੱਛਗਿੱਛ ਲਈ ਇਨਕਮ ਟੈਕਸ ਵਿਭਾਗ ਨੇ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਇਕ ਇਨਫੋਰਸਮੈਂਟ ਏਜੰਸੀ ਨੇ ਬੰਦ ਹੋ ਚੁੱਕੀ ਏਅਰਲਾਈਂਸ 'ਚ ਕਥਿਤ ਬੇਨਿਯਮੀਆਂ ਦੇ ਸੰਬੰਧ ਵਿਚ ਗੋਇਲ ਨੂੰ ਸੰਮਨ ਭੇਜਿਆ ਹੈ। ਵਿਭਾਗ ਦੀ ਜਾਂਚ ਸ਼ਾਖਾ ਨੇ ਪਿਛਲੇ ਸਾਲ ਏਅਰਲਾਈਨ ਦੇ ਮੁੰਬਈ ਸਥਿਤ ਦਫਤਰਾਂ ਵਿਚ ਸਰਚ ਦੇ ਦੌਰਾਨ ਦਸਤਾਵੇਜ਼ ਸੀਜ਼ ਕਰ ਦਿੱਤੇ ਸਨ। ਇਹ ਜਾਂਚ ਫਰਵਰੀ ਵਿਚ ਪੂਰੀ ਹੋਈ ਅਤੇ ਰਿਪੋਰਟ ਨੂੰ ਅਸੈਸਮੈਂਟ ਵਿਭਾਗ ਦੇ ਕੋਲ ਭੇਜ ਦਿੱਤਾ ਗਿਆ।

650 ਕਰੋੜ ਦੀ ਟੈਕਸ ਚੋਰੀ!

ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੂੰ ਜੈੱਟ ਏਅਰਵੇਜ਼ ਅਤੇ ਇਸਦੀ ਦੁਬਈ ਸਥਿਤ ਗਰੁੱਪ ਕੰਪਨੀਆਂ ਵਿਚਕਾਰ ਲੈਣ-ਦੇਣ 'ਚ ਕਥਿਤ ਤੌਰ 'ਤੇ ਬੇਨਿਯਮੀਆਂ ਮਿਲੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ 650 ਕਰੋੜ ਰੁਪਏ ਦੀ ਟੈਕਸ ਚੋਰੀ ਕਰਨਾ ਸੀ। ਜਾਂਚ 'ਚ ਮਿਲਿਆ ਹੈ ਕਿ ਏਅਰਲਾਈਨ ਹਰ ਸਾਲ ਦੁਬਈ ਵਿਚ ਆਪਣੇ ਜਨਰਲ ਸੇਲਜ਼ ਏਜੈਂਟ ਨੂੰ ਕਮਿਸ਼ਨ ਦਾ ਭੁਗਤਾਨ ਕਰਦੀ ਸੀ, ਜਿਹੜਾ ਕਿ ਗਰੁੱਪ ਯੁਨਿਟ ਦਾ ਹੀ ਹਿੱਸਾ ਹੈ।

ਸ਼ੱਕੀ ਲੈਣ-ਦੇਣ ਬਾਰੇ ਮੰਗਿਆ ਸਪੱਸ਼ਟੀਕਰਣ

ਆਮਦਨ ਟੈਕਸ ਐਕਟ ਦੇ ਤਹਿਤ ਜਾਇਜ਼ ਕਾਰੋਬਾਰੀ ਟਰਾਂਜੈਕਸ਼ਨ ਦੀ ਤੁਲਨਾ 'ਚ ਇਹ ਕਥਿਤ ਲੈਣ-ਦੇਣ ਬਹੁਤ ਜ਼ਿਆਦਾ ਸੀ। ਇਹ ਮੰਣਨਯੋਗ ਖਰਚਿਆਂ ਤੋਂ ਇਲਾਵਾ ਹੋਰ ਟੈਕਸ ਦੀ ਹੱਦ ਤੋਂ ਬਾਹਰ ਸਨ। ਇਨਕਮ ਟੈਕਸ ਅਧਿਕਾਰੀ ਨੇ ਕਿਹਾ,'ਇਹ ਸਰਵੇਖਣ ਉਸ ਸਮੇਂ ਕੀਤਾ ਗਿਆ ਜਦੋਂ ਜੈੱਟ ਏਅਰਵੇਜ਼ ਆਪਣੀ ਜੂਨ ਤਿਮਾਹੀ ਦੇ ਨਤੀਜਿਆਂ ਦੇ ਐਲਾਨ ਵਿਚ ਦੇਰੀ ਕਰ ਰਿਹਾ ਸੀ।' ਗੋਇਲ ਨੂੰ ਇਨ੍ਹਾਂ ਸ਼ੱਕੀ ਲੈਣ-ਦੇਣ ਅਤੇ ਭੁਗਤਾਨਾਂ ਦਾ ਸਪੱਸ਼ਟੀਕਰਣ ਦੇਣ ਲਈ ਸੰਮਨ ਭੇਜਿਆ ਗਿਆ ਹੈ।

ਇਕ ਹੋਰ ਜਾਂਚ ਦੀ ਸਿਫਾਰਸ਼

ਜੈੱਟ ਏਅਰਵੇਜ਼ ਅਤੇ ਇਸਦੀਆਂ ਗਰੁੱਪ ਕੰਪਨੀਆਂ ਵਿਚਕਾਰ ਸ਼ੱਕੀ ਲੈਣ-ਦੇਣ ਲਈ ਸਿਰਫ ਇਨਕਮ ਟੈਕਸ ਵਿਭਾਗ ਹੀ ਜਾਂਚ ਨਹੀਂ ਕਰ ਰਿਹਾ ਹੈ। ਇਸ ਮਾਮਲੇ ਨਾਲ ਜੁੜੇ ਵਿਅਕਤੀਆਂ ਨੇ ਦੱਸਿਆ ਕਿ ਮਈ ਵਿਚ ਤਿਆਰ ਹੋਈ ਰਿਪੋਰਟ ਦੇ ਮੁਤਾਬਕ ਮਨਿਸਟਰੀ ਆਫ ਕਾਰਪੋਰੇਟ ਅਫੇਅਰਸ(ਐਮ.ਸੀ.ਏ.), ਵੈਸਟਰਨ ਰੀਜ਼ਨ ਨੇ ਵੀ ਲੈਣ-ਦੇਣ ਨੂੰ ਸੱਕੀ ਦੱਸਿਆ ਸੀ। ਵਿਭਾਗ ਨੇ ਜੈੱਟ ਏਅਰਵੇਜ਼ ਦੇ ਖਾਤੇ ਦੀ ਜਾਂਚ ਦੇ ਬਾਅਦ ਪੂਰੀ ਜਾਂਚ ਦੀ ਸਿਫਾਰਸ਼ ਕੀਤੀ ਹੈ।


Related News