ਪਿਆਜ਼ ਦਾ ਬਣ ਰਿਹੈ ਬਫਰ ਸਟਾਕ, ਤੁਹਾਡੀ ਜੇਬ ਨਹੀਂ ਹੋਵੇਗੀ ਢਿੱਲੀ
Sunday, Jun 14, 2020 - 03:14 PM (IST)

ਨਵੀਂ ਦਿੱਲੀ— ਪਿਆਜ਼ਾਂ ਦੀ ਮਹਿੰਗਾਈ ਪਿਛਲੇ ਸਾਲ ਦੀ ਤਰ੍ਹਾਂ ਤੁਹਾਨੂੰ ਇਸ ਵਾਰ ਨਹੀਂ ਤੰਗ ਕਰਨ ਵਾਲੀ ਕਿਉਂਕਿ ਸਰਕਾਰ ਨੇ ਕੀਮਤਾਂ ਨੂੰ ਕਾਬੂ ਕਰਨ ਦਾ ਪ੍ਰਬੰਧ ਕਰ ਲਿਆ ਹੈ।
ਪਿਛਲੇ ਸਾਲ ਸਰਕਾਰ ਕੋਲ ਪਿਆਜ਼ ਦਾ 57,000 ਟਨ ਬਫਰ ਸਟਾਕ ਸੀ, ਜਦੋਂ ਕਿ ਇਸ ਵਾਰ ਇਸ ਨੂੰ ਵਧਾ ਕੇ 1 ਲੱਖ ਟਨ ਕੀਤਾ ਜਾ ਰਿਹਾ ਹੈ। ਬਫਰ ਸਟਾਕ ਬਣਾਉਣ ਲਈ ਸਰਕਾਰ ਵੱਲੋਂ ਖਰੀਦ ਕਰ ਰਹੀ ਏਜੰਸੀ ਨੈਫੇਡ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਹੁਣ ਤੱਕ 25,000 ਟਨ ਪਿਆਜ਼ ਦੀ ਖਰੀਦ ਕਰ ਲਈ ਹੈ। ਮੌਜੂਦਾ ਕੀਮਤਾਂ 'ਤੇ ਇਹ ਖਰੀਦ ਕਿਸਾਨ ਉਤਪਾਦਕ ਸੰਗਠਨਾਂ (ਐੱਫ. ਪੀ. ਓ.), ਸਹਿਕਾਰਤਾ ਤੇ ਸਿੱਧੇ ਖਰੀਦ ਕੇਂਦਰਾਂ ਤੋਂ ਕੀਤੀ ਗਈ ਹੈ।
ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰਤਾ ਮਾਰਕੀਟਿੰਗ ਸੰਸਥਾ (ਨੈਫੇਡ) ਨੇ ਇਕ ਬਿਆਨ 'ਚ ਕਿਹਾ, ''ਬਫਰ ਸਟਾਕ 1 ਲੱਖ ਕਰਨ ਨਾਲ ਦੋਹਰਾ ਫਾਇਦਾ ਹੋਵੇਗਾ। ਇਕ ਤਾਂ ਕੋਵਿਡ-19 ਸਮੇਂ 'ਚ ਪਿਆਜ਼ ਕੀਮਤਾਂ ਨੂੰ ਸਥਿਰ ਰੱਖਣ 'ਚ ਮਦਦ ਮਿਲੇਗੀ, ਦੂਜਾ ਮੰਗ ਵਾਲੇ ਮਹੀਨਿਆਂ 'ਚ ਇਸ ਦਾ ਇਸਤੇਮਾਲ ਹੋ ਸਕਦਾ ਹੈ।'' ਪਿਆਜ਼ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਤੋਂ ਐੱਫ. ਪੀ. ਓ. ਸਹਿਕਾਰੀ ਅਤੇ ਸਿੱਧੇ ਖਰੀਦ ਕੇਂਦਰਾਂ ਤੋਂ ਖਰੀਦਿਆ ਜਾ ਰਿਹਾ ਹੈ। ਮੌਜੂਦਾ ਸਮੇਂ ਜਗ੍ਹਾ ਦੇ ਹਿਸਾਬ ਨਾਲ ਪਿਆਜ਼ ਕੀਮਤਾਂ 1,000 ਤੋਂ 1,400 ਰੁਪਏ ਪ੍ਰਤੀ ਕੁਇੰਟਲ ਹਨ। ਉੱਥੇ ਹੀ, ਪ੍ਰਮੁੱਖ ਸ਼ਹਿਰਾਂ 'ਚ ਪ੍ਰਚੂਨ ਕੀਮਤਾਂ 20 ਰੁਪਏ ਅਤੇ 30 ਰੁਪਏ ਪ੍ਰਤੀ ਕਿਲੋ ਵਿਚਕਾਰ ਹਨ।