ਮਿਊਚਲ ਫੰਡ ਕੰਪਨੀਆਂ ਨੇ ਅਕਤੂਬਰ ’ਚ 4 ਲੱਖ ਨਿਵੇਸ਼ਕ ਖਾਤੇ ਜੋੜੇ

Monday, Nov 16, 2020 - 09:29 PM (IST)

ਮਿਊਚਲ ਫੰਡ ਕੰਪਨੀਆਂ ਨੇ ਅਕਤੂਬਰ ’ਚ 4 ਲੱਖ ਨਿਵੇਸ਼ਕ ਖਾਤੇ ਜੋੜੇ

ਨਵੀਂ ਦਿੱਲੀ– ਮਿਊਚਲ ਫੰਡ ਉਦਯੋਗ ਨੇ ਅਕਤੂਬਰ ’ਚ 4 ਲੱਖ ਤੋਂ ਵੱਧ ਨਿਵੇਸ਼ਕ ਖਾਤੇ ਜੋੜੇ ਹਨ। ਇਸ ਤਰ੍ਹਾਂ ਨਾਲ ਉਦਯੋਗ ਦੇ ਕੁੱਲ ਨਿਵੇਸ਼ਕ ਖਾਤੇ ਦਾ ਅੰਕੜਾ 9.37 ਕਰੋੜ ’ਤੇ ਪਹੁੰਚ ਗਿਆ ਹੈ। ਮੁੱਖ ਤੌਰ ’ਤੇ ਕਰਜ਼ਾ ਜਾਂ ਬਾਂਡ ਯੋਜਨਾਵਾਂ ਨਾਲ ਯੋਗਦਾਨ ਵਧਣ ਨਾਲ ਫੋਲੀਓ ਦੀ ਗਿਣਤੀ ’ਚ ਵਾਧਾ ਹੋਇਆ ਹੈ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਨਿਵੇਸ਼ਕ ਖਾਤੇ ਦੀ ਗਿਣਤੀ ’ਚ ਵਾਧੇ ਤੋਂ ਪਤਾ ਲੱਗਦਾ ਹੈ ਕਿ ਨਿਵੇਸ਼ਕ ਬਾਜ਼ਾਰ ਦੇ ਉਤਾਰ-ਚੜ੍ਹਾਅ ਤੋਂ ਪ੍ਰੇਸ਼ਾਨ ਨਹੀਂ ਹਨ। 

ਮਾਹਰਾਂ ਦਾ ਮੰਨਣਾ ਹੈ ਕਿ ਹੁਣ ਨਿਵੇਸ਼ਕ ਮਿਊਚਲ ਫੰਡ ਯੋਜਨਾਵਾਂ ਨਾਲ ਜੁੜੇ ਬਾਜ਼ਾਰ ਜ਼ੋਖ਼ਮਾਂ ਨੂੰ ਸਮਝਣ ਲੱਗੇ ਹਨ। ਐਸੋਸੀਏਸ਼ਨ ਆਫ਼ ਮਿਊਚਲ ਫੰਡਸ ਇਨ ਇੰਡੀਆ (ਐੱਮ. ਫੀ) ਦੇ ਅੰਕੜਿਆਂ ਮੁਤਾਬਕ ਅਕਤੂਬਰ ਦੇ ਅੰਤ ਤੱਕ 45 ਮਿਊਚਲ ਫੰਡ ਕੰਪਨੀਆਂ ਦੇ ਨਿਵੇਸ਼ਕ ਖਾਤਿਆਂ ਦੀ ਗਿਣਤੀ 4.11 ਲੱਖ ਵਧ ਕੇ 9,37,18,991 ’ਤੇ ਪਹੁੰਚ ਗਈ। ਸਤੰਬਰ ਦੇ ਅੰਤ ਤੱਕ ਇਹ ਅੰਕੜਾ 9,33,07,480 ਸੀ। ਸਤੰਬਰ ’ਚ ਮਿਊਚਲ ਫੰਡ ਕੰਪਨੀਆਂ ਨੇ 7.37 ਲੱਖ ਨਿਵੇਸ਼ਕ ਖਾਤੇ ਜੋੜੇ ਸਨ।

ਅਗਸਤ ’ਚ ਫੋਲੀਓ ਦੀ ਗਿਣਤੀ ’ਚ 4.25 ਲੱਖ, ਜੁਲਾਈ ’ਚ 5.6 ਲੱਖ, ਜੂਨ ’ਚ 5 ਲੱਖ, ਮਈ ’ਚ 6.13 ਲੱਖ ਅਤੇ ਅਪ੍ਰੈਲ ’ਚ 6.82 ਲੱਖ ਦਾ ਵਾਧਾ ਹੋਇਆ ਸੀ। ਕੁੱਲ ਨਵੇਂ ਨਿਵੇਸ਼ਕ ਖਾਤੇ ’ਚ 2 ਲੱਖ ਤੋਂ ਵੱਧ ਬਾਂਡ ਯੋਜਨਾਵਾਂ ਨੇ ਜੋੜੇ। ਨਿਵੇਸ਼ਕ ਖਾਤੇ ਨਿੱਜੀ ਨਿਵੇਸ਼ਕ ਖਾਤਿਆਂ ਨੂੰ ਦਿੱਤਾ ਗਿਆ ਨੰਬਰ ਹੁੰਦਾ ਹੈ। ਇਕ ਨਿਵੇਸ਼ਕ ਦੇ ਕਈ ਨਿਵੇਸ਼ਕ ਖਾਤੇ ਹੋ ਸਕਦੇ ਹਨ। ਸ਼ੇਅਰ ਅਤੇ ਸ਼ੇਅਰਾਂ ਨਾਲ ਜੁੜੀਆਂ ਬੱਚਤ ਯੋਜਨਾਵਾਂ ਤਹਿਤ ਨਿਵੇਸ਼ਕ ਖਾਤੇ ਦੀ ਗਿਣਤੀ ਅਕਤੂਬਰ ’ਚ 30,000 ਵਧ ਕੇ 6.39 ਕਰੋੜ ਹੋ ਗਈ।


author

Sanjeev

Content Editor

Related News