US-ਈਰਾਨ ਤਣਾਅ ਕਾਰਨ ਮੁਕੇਸ਼ ਅੰਬਾਨੀ ਨੂੰ ਵੀ ਲੱਗਾ ਤਗੜਾ ਝਟਕਾ, ਡੁੱਬੇ 9333 ਕਰੋੜ ਰੁਪਏ

01/07/2020 2:09:02 PM

ਨਵੀਂ ਦਿੱਲੀ — ਪੱਛਮੀ ਏਸ਼ੀਆ 'ਚ ਲਗਾਤਾਰ ਵਧ ਰਹੇ ਸਿਆਸੀ ਤਣਾਅ ਨੇ ਹੁਣ ਭਾਰੀ ਵਿੱਤੀ ਚਿੰਤਾ ਦਾ ਰੂਪ ਧਾਰਨ ਕਰ ਲਿਆ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੀ ਆਪਸੀ ਲੜਾਈ ਨੇ ਦੁਨੀਆ ਭਰ ਦੇ ਦੇਸ਼ਾਂ ਲਈ ਵਿੱਤੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਇਸ ਤਣਾਅ ਕਾਰਨ ਜਿਥੇ ਦੁਨੀਆ ਭਰ 'ਚ ਸੋਨੇ-ਚਾਂਦੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਉਥੇ ਭਾਰਤੀ ਸ਼ੇਅਰ ਬਜ਼ਾਰ ਵੀ ਭਾਰੀ ਗਿਰਾਵਟ ਨਾਲ ਧੜਾਮ ਡਿੱਗੇ। ਇਸ ਗਿਰਾਵਟ ਨਾਲ ਆਮ ਨਿਵੇਸ਼ਕਾਂ ਨੂੰ ਤਾਂ ਨੁਕਸਾਨ ਹੋਇਆ ਹੀ ਹੈ ਇਨ੍ਹਾਂ ਦੇ ਨਾਲ-ਨਾਲ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਰਿਲਾਇੰਸ ਇੰਡਸਟਰੀਜ਼(RIL) ਦੇ ਮਾਲਕ ਮੁਕੇਸ਼ ਅੰਬਾਨੀ ਨੂੰ ਇਕ ਦਿਨ 'ਚ ਹੀ 9333 ਕਰੋੜ ਰੁਪਏ(1.3 ਅਰਬ ਡਾਲਰ) ਦਾ ਭਾਰੀ ਨੁਕਸਾਨ ਹੋਇਆ ਹੈ।

ਰਾਕੇਸ਼ ਝੁਨਝੁਨਵਾਲਾ ਨੂੰ ਵੀ ਭਾਰੀ ਨੁਕਸਾਨ

ਮੁਕੇਸ਼ ਅੰਬਾਨੀ ਤੋਂ ਇਲਾਵਾ ਸ਼ੇਅਰ ਬਜ਼ਾਰ ਦੇ ਦਿੱਗਜ ਨਿਵੇਸ਼ਕ ਝੁਨਝੁਨਵਾਲਾ ਨੂੰ ਵੀ ਸੋਮਵਾਰ ਨੂੰ ਸਿਰਫ ਇਕ ਦਿਨ 'ਚ ਹੀ ਲਗਭਗ 136 ਕਰੋੜ ਰੁਪਏ(1.9 ਅਰਬ ਡਾਲਰ) ਦਾ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਪੱਛਮੀ ਏਸ਼ੀਆ ਵਿਚ ਸੰਕਟ ਦੇ ਅਸਰ ਕਾਰਨ ਸੋਮਵਾਰ ਨੂੰ ਭਾਰਤੀ ਸ਼ੇਅਰ ਬਜ਼ਾਰ ਲਾਲ ਨਿਸ਼ਾਨ 'ਚ ਨਜ਼ਰ ਆਇਆ ਸੀ। ਸੋਮਵਾਰ ਨੂੰ ਕਾਰੋਬਾਰ ਦੇ ਦੌਰਾਨ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਫਿਸਲ ਕੇ ਚਾਰ ਮਹੀਨੇ ਦੇ ਹੇਠਲੇ ਪੱਧਰ 40613 ਤੱਕ ਚਲਾ ਗਿਆ ਸੀ। ਨਿਫਟੀ 12 ਹਜ਼ਾਰ ਤੋਂ ਹੇਠਾਂ ਤੱਕ ਗੋਤਾ ਲਗਾ ਚੁੱਕਾ ਸੀ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 787.98 ਅੰਕ ਯਾਨੀ ਲਗਭਗ 1.90% ਫਿਸਲ ਕੇ 40,676.63 'ਤੇ ਬੰਦ ਹੋਇਆ।

ਇਸ ਵਿਦੇਸ਼ੀ ਤਣਾਅ ਕਾਰਨ ਭਾਰਤ ਦੇ ਕਈ ਦਿੱਗਜ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੀ ਨਿੱਜੀ ਵੈਲਥ ਨੂੰ ਵੀ ਜ਼ਬਰਦਸਤ ਗਿਰਾਵਟ ਆਈ ਹੈ। ਫੋਰਬਸ ਰਿਅਲ ਟਾਈਮ ਬਿਲੀਨਿਅਰੀ ਇੰਡੈਕਸ ਦੇ ਮੁਤਾਬਕ RIL ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਨੈਟਵਰਥ 'ਚ 2.2 ਫੀਸਦੀ ਯਾਨੀ ਕਿ 1.3 ਅਰਬ ਡਾਲਰ (ਕਰੀਬ 9333 ਕਰੋੜ ਰੁਪਏ) ਦੀ ਗਿਰਾਵਟ ਆ ਗਈ ਹੈ। ਉਨ੍ਹਾਂ ਦੀ ਕੁੱਲ ਜਾਇਦਾਦ ਘੱਟ ਕੇ 57.6 ਅਰਬ ਡਾਲਰ ਰਹਿ ਗਈ। ਇਸ ਤਰ੍ਹਾਂ ਦਿੱਗਜ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦੀ ਨਿੱਜੀ ਜਾਇਦਾਦ 'ਚ 0.75 ਫੀਸਦੀ ਯਾਨੀ 1.9 ਕਰੋੜ ਡਾਲਰ(ਕਰੀਬ 136 ਕਰੋੜ ਰੁਪਏ) ਦੀ ਗਿਰਾਵਟ ਆਈ ਹੈ।

ਇਸ ਕਾਰਨ ਪੈਦਾ ਹੋਇਆ ਅੰਤਰਾਰਸ਼ਟਰੀ ਤਣਾਅ

ਸ਼ੁੱਕਰਵਾਰ ਨੂੰ ਅਮਰੀਕਾ ਵਲੋਂ ਈਰਾਕ ਦੇ ਇਕ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਈਰਾਨ ਦੇ ਟਾਪ ਕਮਾਂਡਰ ਮਾਰੇ ਗਏ ਹਨ। ਇਸ ਤੋਂ ਬਾਅਦ ਅਮਰੀਕਾ ਅਤੇ ਈਰਾਨ 'ਚ ਤਣਾਅ ਵਧ ਗਿਆ ਹੈ। ਇਸ ਕਾਰਨ ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋ ਗਿਆ ਹੈ ਅਤੇ ਸੋਨਾ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।
 


Related News