ਜਲਦੀ ਹੀ 340 ਤੋਂ ਜ਼ਿਆਦਾ ਦਵਾਈਆਂ ''ਤੇ ਪਾਬੰਧੀ ਲਗਾਉਣ ਜਾ ਰਿਹਾ ਹੈ ਸਿਹਤ ਮੰਤਰਾਲਾ
Saturday, Aug 04, 2018 - 12:44 PM (IST)

ਬਿਜ਼ਨੈੱਸ ਡੈਸਕ — ਸਿਹਤ ਮੰਤਰਾਲਾ ਜਲਦੀ ਹੀ 340 ਤੋਂ ਜ਼ਿਆਦਾ ਦਵਾਈਆਂ ਨੂੰ ਬੈਨ ਕਰਨ ਜਾ ਰਿਹਾ ਹੈ। ਇਹ ਫਿਕਸਡ ਡੋਜ਼ ਕੰਗੁਨੇਸ਼ਨ(ਐੱਫ.ਡੀ.ਸੀ.) ਦੀਆਂ ਦਵਾਈਆਂ ਹਨ। ਸਰਕਾਰ ਦੇ ਇਸ ਕਦਮ ਨਾਲ ਏਬਾਟ ਵਰਗੀਆਂ ਬਹੁਰਾਸ਼ਟਰੀ ਕੰਪਨੀਆਂ ਸਮੇਤ ਪੀਰਾਮਲ, ਸਿਪਲਾ ਅਤੇ ਲਯੂਪਿਨ ਵਰਗੇ ਘਰੇਲੂ ਦਵਾਈ ਨਿਰਮਾਤਾ ਪ੍ਰਭਾਵਿਤ ਹੋਣਗੇ। ਇਸ ਕਾਰਨ ਹੋ ਸਕਦਾ ਹੈ ਕਿ ਇਨ੍ਹਾਂ ਦਵਾਈਆਂ ਦੇ ਨਿਰਮਾਤਾ ਸਰਕਾਰ ਦੇ ਇਸ ਫੈਸਲੇ ਖਿਲਾਫ ਕੋਰਟ ਦਾ ਦਰਵਾਜ਼ਾ ਖੜਕਾਉਣ।
ਕੱਫ ਸਿਰਪ ਤੋਂ ਲੈ ਕੇ ਦਰਦ ਨਿਵਾਰਕ ਦਵਾਈਆਂ 'ਤੇ ਲੱਗੇਗੀ ਰੋਕ
ਖਬਰਾਂ ਮੁਤਾਬਕ ਲੋਕਾਂ ਵਿਚ ਆਮ ਹੋ ਚੁੱਕੀ ਫੇਂਸੇਡਿਲ, ਸੈਰੀਡਾਨ ਅਤੇ ਡੀ-ਕੋਲਡ ਟੋਟਲ ਵਰਗੇ ਕੱਫ ਸਿਰਪ, ਦਰਦ ਨਿਵਾਰਕ ਅਤੇ ਫਲੂ ਦੀਆਂ ਦਵਾਈਆਂ 'ਤੇ ਪਾਬੰਧੀ ਲੱਗ ਜਾਵੇਗੀ। ਸਿਹਤ ਮੰਤਰਾਲਾ ਜਿਨ੍ਹਾਂ 343 ਫਿਕਸਡ ਡੋਜ਼ ਮੈਡੀਸਨ ਦੇ ਉਤਪਾਦਨ, ਵਿਕਰੀ ਅਤੇ ਵੰਡ 'ਤੇ ਪਾਬੰਧੀ ਲਗਾਉਣ ਬਾਰੇ ਸੋਚ ਰਿਹਾ ਹੈ ਉਸਦੀ ਡਰਾਫਟ ਲਿਸਟ ਡਰੱਗ ਤਕਨਾਲੋਜੀ ਸਲਾਹਕਾਰ ਬੋਰਡ(ਡੀ.ਟੀ.ਏ.ਬੀ.) ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।
ਸੁਪਰੀਮ ਕੋਰਟ ਦਾ ਆਦੇਸ਼
ਸੁਪਰੀਮ ਕੋਰਟ ਨੇ ਪਿਛਲੇ ਸਾਲ ਡੀ.ਟੀ.ਏ.ਬੀ. ਨੂੰ ਕਿਹਾ ਸੀ ਕਿ ਉਹ ਸਿਹਤ ਮੰਤਰਾਲੇ ਨੂੰ ਕਾਰਨ ਸਮੇਤ ਸਲਾਹ ਦੇਣ ਕਿ ਕਿੰਨਾਂ ਦਵਾਈਆਂ ਨੂੰ ਰੈਗੂਲੇਟ, ਰਿਸਟਰਿਕ ਜਾਂ ਪੂਰੀ ਤਰ੍ਹਾਂ ਨਾਲ ਬੈਨ ਕੀਤਾ ਜਾਵੇ। ਸੁਪਰੀਮ ਕੋਰਟ ਦਾ ਇਹ ਆਦੇਸ਼ ਐੱਫ.ਡੀ.ਸੀ. ਬੈਨ ਦੇ ਮੁੱਦੇ 'ਤੇ ਸਰਕਾਰ ਅਤੇ ਦਵਾਈ ਕੰਪਨੀਆਂ ਦਰਮਿਆਨ ਪੈਦਾ ਹੋਏ ਵਿਵਾਦ ਤੋਂ ਬਾਅਦ ਆਇਆ ਸੀ।
ਕੀ ਹੈ ਐੱਫ.ਡੀ.ਸੀ.?
ਬੀਮਾਰੀਆਂ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦੋ ਜਾਂ ਦੋ ਤੋਂ ਜ਼ਿਆਦਾ ਸਮੱਗਰੀਆਂ ਦੇ ਮਿਸ਼ਰਣ ਦੇ ਇਕ ਨਿਸ਼ਚਿਤ ਖੁਰਾਕ ਦਾ ਪੈਕ ਫਿਕਸਡ ਡੋਜ਼ ਕੰਬੀਨੇਸ਼ਨ (ਐੱਫ. ਡੀ. ਸੀ.) ਕਹਾਉਂਦਾ ਹੈ। ਪੈਰਾਸੀਟਾਮੋਲ + ਫੈਨਿਲੇਫ੍ਰਾਈਨ + ਕੈਫ਼ੀਨ, ਕਲਰਫੇਨਾਰਮੀਨ ਮਾਲੀਏਟ + ਕੋਡਾਈਨ ਸਿਰਾਪ ਅਤੇ ਪੈਰਾਸੀਟਾਮੋਲ + ਪ੍ਰੋਫੀਨੇਜੋਨ + ਕੈਫੀਨ ਵਰਗੇ ਕਾਂਬੀਨੇਸ਼ਨ ਦੀ ਐਫ ਡੀ ਸੀ ਨੂੰ ਡਰਾਫਟ ਵਿਚ ਸ਼ਾਮਲ ਕੀਤਾ ਗਿਆ ਹੈ।
2,000 ਕਰੋੜ ਦਾ ਬਾਜ਼ਾਰ
ਮਾਰਕੀਟ ਰਿਸਰਚ ਫਰਮ ਏ.ਆਈ.ਓ.ਡੀ.ਸੀ. ਫਾਰਮਾ ਟ੍ਰੈਕ ਅਨੁਸਾਰ ਐਫਡੀਆਸੀ 'ਤੇ ਬੈਨ ਨਾਲ ਦੇਸ਼ ਦੇ 1 ਲੱਖ ਕਰੋੜ ਰੁਪਏ ਦੇ ਡਰੱਗ ਬਾਜ਼ਾਰ ਲਗਭਗ 2 ਫੀਸਦੀ ਯਾਨੀ ਕਿ 2,000 ਕਰੋੜ ਰੁਪਏ ਦਾ ਅਸਰ ਹੋਵੇਗਾ। ਹਾਲਾਂਕਿ, ਇਨ੍ਹਾਂ ਦਵਾਈਆਂ ਦੀ ਸਲਾਨਾ ਵਿਕਰੀ 2016 ਵਿਚ 3,000 ਕਰੋੜ ਤੋਂ ਘਟ ਕੇ 2,183 ਕਰੋੜ ਰੁਪਏ ਰਹਿ ਗਈ ਹੈ।