ਮੂਡੀਜ਼ ਨੇ 2022 ਲਈ ਭਾਰਤ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਘਟਾਇਆ

05/26/2022 6:24:55 PM

ਨਵੀਂ ਦਿੱਲੀ (ਭਾਸ਼ਾ) – ਸਾਖ ਨਿਰਧਾਰਣ ਕਰਨ ਵਾਲੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਵੀਰਵਾਰ ਨੂੰ ਉੱਚੀ ਮਹਿੰਗਾਈ ਦਰ ਦਾ ਹਵਾਲਾ ਦਿੰਦੇ ਹੋਏ 2022 ਲਈ ਭਾਰਤ ਦੀ ਆਰਥਿਕ ਵਾਧਾ ਦਰ ਦੇ ਅਨੁਮਾਨ ਨੂੰ ਘਟਾ ਕੇ 8.8 ਫੀਸਦੀ ਕਰ ਦਿੱਤਾ। ਇਸ ਤੋਂ ਪਹਿਲਾਂ ਇਸ ਦੇ 9.1 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਸਾਲ 2022-23 ਲਈ ਮੈਕਰੋ ਗਲੋਬਲ ਆਊਟਲੁਕ ਨੂੰ ਅਪਡੇਟ ਕਰਦੇ ਹੋਏ ਮੂਡੀਜ਼ ਨੇ ਕਿਹਾ ਕਿ ਐਕਸਪੋਰਟ, ਜੀ. ਐੱਸ. ਟੀ., ਮਾਲ ਢੁਆਈ ਵਰਗੇ ਅੰਕੜੇ ਦੱਸਦੇ ਹਨ ਕਿ ਦਸੰਬਰ 2021 ਦੀ ਤਿਮਾਹੀ ਨਾਲ ਵਾਧੇ ਨੇ ਰਫਤਾਰ ਫੜੀ ਹੈ ਅਤੇ ਇਙ ਇਸ ਸਾਲ ਪਹਿਲੇ ਚਾਰ ਮਹੀਨੇ ਜਾਰੀ ਰਹੀ।

ਹਾਲਾਂਕਿ ਕੱਚੇ ਤੇਲ, ਭੋਜਨ ਅਤੇ ਖਾਦਾਂ ਦੇ ਰੇਟ ’ਚ ਤੇਜ਼ੀ ਨਾਲ ਘਰਾਂ ਦੀ ਵਿੱਤੀ ਸਥਿਤੀ ਅਤੇ ਆਉਣ ਵਾਲੇ ਮਹੀਨਿਆਂ ’ਚ ਖਰਚ ’ਤੇ ਅਸਰ ਪਵੇਗਾ। ਊਰਜਾ ਅਤੇ ਖੁਰਾਕ ਮਹਿੰਗਾਈ ਨੂੰ ਕਾਬੂ ਰੱਖਣ ਲਈ ਨੀਤੀਗਤ ਦਰ ’ਚ ਵਾਧੇ ਨਾਲ ਮੰਗ ’ਚ ਸੁਧਾਰ ਦੀ ਰਫਤਾਰ ਹੌਲੀ ਪਵੇਗੀ। ਮੂਡੀਜ਼ ਨੇ ਕਿਹਾ ਕਿ ਅਸੀਂ ਸਾਲ 2022 ਲਈ ਭਾਰਤ ਦੀ ਆਰਥਿਕ ਵਾਧਾ ਦਰ ਦੇ ਅਨੁਮਾਨ ਨੂੰ ਘਟਾ ਕੇ 8.8 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਾਰਚ ’ਚ ਇਸ ਦੇ 9.1 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਹਾਲਾਂਕਿ ਸਾਲ 2023 ਲਈ ਆਰਥਿਕ ਵਾਧਾ ਦਰ ਦੇ ਅਨੁਮਾਨ ਨੂੰ 5.4 ਫੀਸਦੀ ’ਤੇ ਬਰਕਰਾਰ ਰੱਖਿਆ ਗਿਆ ਹੈ।

ਰੇਟਿੰਗ ਏਜੰਸੀ ਨੇ ਕਿਹਾ ਕਿ ਕਰਜ਼ੇ ’ਚ ਚੰਗਾ ਵਾਧਾ, ਕੰਪਨੀਆਂ ਦੇ ਵੱਡੇ ਪੱਧਰ ’ਤੇ ਨਿਵੇਸ਼ ਦੇ ਐਲਾਨ ਅਤੇ ਸਰਕਾਰ ਦੇ ਬਜਟ ’ਚ ਪੂੰਜੀਗਤ ਖਰਚ ’ਤੇ ਅਲਾਟਮੈਂਟ ਵਧਾਏ ਜਾਣ ਨਾਲ ਨਿਵੇਸ਼ ’ਚ ਮਜ਼ਬੂਤੀ ਆਉਣ ਦਾ ਸੰਕੇਤ ਮਿਲਦਾ ਹੈ। ਮੂਡੀਜ਼ ਨੇ ਕਿਹਾ ਕਿ ਜੇ ਗਲੋਬਲ ਕੱਚੇ ਤੇਲ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧਾ ਨਹੀਂ ਹੁੰਦਾ ਹੈ ਤਾਂ ਅਰਥਵਿਵਸਥਾ ਤੇਜ਼ ਵਾਧੇ ਦੀ ਰਫਤਾਰ ਬਣਾਈ ਰੱਖਣ ਲਈ ਕਾਫੀ ਮਜ਼ਬੂਤ ਲੱਗ ਰਹੀ ਹੈ।


Harinder Kaur

Content Editor

Related News