ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਦੀ ਵਧ ਸਕਦੀ ਹੈ ਮੁਸ਼ਕਿਲ!

Monday, Jun 19, 2017 - 03:48 PM (IST)

ਨਵੀਂ ਦਿੱਲੀ— ਨੋਟਬੰਦੀ ਦੇ ਬਾਅਦ ਦੇਸ਼ 'ਚ ਨਵੇਂ ਏ. ਟੀ. ਐੱਮ. ਲਾਉਣ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਬੈਂਕ ਹੁਣ ਨਵੇਂ ਏ. ਟੀ. ਐੱਮ. ਘੱਟ ਲਗਾ ਰਹੇ ਹਨ। ਉੱਥੇ ਹੀ ਕਈ ਏ. ਟੀ. ਐੱਮਜ਼ 'ਚ ਲੋਕਾਂ ਨੂੰ ਪੈਸੇ ਵੀ ਕਦੇ-ਕਦੇ ਹੀ ਮਿਲਦੇ ਹਨ। ਅਜਿਹੇ 'ਚ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਦੀ ਪ੍ਰੇਸ਼ਾਨੀ ਆਉਣ ਵਾਲੇ ਦਿਨਾਂ 'ਚ ਵਧ ਸਕਦੀ ਹੈ। ਦਸੰਬਰ 2016 ਤੋਂ ਪਹਿਲਾਂ ਦੇਸ਼ 'ਚ ਹਰ ਮਹੀਨੇ ਨਵੇਂ ਏ. ਟੀ. ਐੱਮ. 800 ਤੋਂ 1400 ਵਿਚਕਾਰ ਲੱਗ ਰਹੇ ਸਨ, ਜੋ ਅਪ੍ਰੈਲ ਤਕ ਆਉਂਦੇ-ਆਉਂਦੇ ਘੱਟ ਕੇ 300 ਵਿਚਕਾਰ ਪਹੁੰਚ ਗਏ ਹਨ। ਆਰ. ਬੀ. ਆਈ. ਦੇ ਅੰਕੜਿਆਂ ਮੁਤਾਬਕ, ਦੇਸ਼ 'ਚ ਅਪ੍ਰੈਲ ਤਕ ਕੁੱਲ ਏ. ਟੀ. ਐੱਮਜ਼ ਦੀ ਗਿਣਤੀ 207813 ਹੈ। 
ਅੰਕੜਿਆਂ ਮੁਤਾਬਕ, ਨੋਟਬੰਦੀ ਨਵੰਬਰ 'ਚ ਲਾਗੂ ਹੋਣ ਤੋਂ ਬਾਅਦ ਏ. ਟੀ. ਐੱਮ. ਲਾਉਣ ਦੀ ਗਿਣਤੀ 'ਚ ਲਗਾਤਾਰ ਗਿਰਾਵਟ ਆਈ ਹੈ। ਅਗਸਤ ਤੋਂ ਨਵੰਬਰ ਤਕ ਜਿੱਥੇ ਔਸਤ ਹਰ ਮਹੀਨੇ 940 ਤੋਂ ਲੈ ਕੇ 1417 ਤਕ ਏ. ਟੀ. ਐੱਮ. ਲੱਗੇ ਹਨ। ਉੱਥੇ ਹੀ ਦਸੰਬਰ 'ਚ ਇਹ ਗਿਣਤੀ ਘੱਟ ਹੋ ਕੇ ਅੱਧੀ ਰਹਿ ਗਈ। ਮਾਰਚ ਤਕ ਆਉਂਦੇ-ਆਉਂਦੇ ਇਹ ਗਿਣਤੀ ਸਿਰਫ 145 ਰਹਿ ਗਈ। ਜਦੋਂ ਕਿ ਅਪ੍ਰੈਲ 'ਚ ਇਹ ਗਿਣਤੀ 267 ਤਕ ਪਹੁੰਚੀ ਹੈ। ਉੱਥੇ ਹੀ ਕਈ ਛੋਟੇ ਸ਼ਹਿਰਾਂ 'ਚ ਏ. ਟੀ. ਐੱਮ. ਕਈ ਵਾਰ ਖਾਲੀ ਮਿਲ ਰਹੇ ਹਨ। 
ਕਿਉਂਕਿ ਘੱਟ ਰਹੀ ਹੈ ਗਿਣਤੀ?
ਇਕ ਜਨਤਕ ਸੈਕਟਰ ਬੈਂਕ ਦੇ ਉੱਚ ਅਧਿਕਾਰੀ ਮੁਤਾਬਕ ਨੋਟਬੰਦੀ ਦੇ ਬਾਅਦ ਬੈਂਕਾਂ ਦਾ ਜ਼ਿਆਦਾ ਜ਼ੋਰ ਨਕਦ ਰਹਿਤ ਲੈਣ-ਦੇਣ 'ਤੇ ਹੈ। ਇਸ ਤਹਿਤ ਮੋਬਾਇਲ ਬੈਂਕਿੰਗ, ਪੀ. ਓ. ਐੱਸ., ਨੈੱਟ ਬੈਂਕਿੰਗ ਆਦਿ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਕਾਰਨ ਨਵੇਂ ਏ. ਟੀ. ਐੱਮਜ਼ ਲਾਉਣ ਦੀ ਸੰਖਿਆ 'ਚ ਗਿਰਾਵਟ ਆਈ ਹੈ। ਉੱਥੇ ਹੀ ਲੋਕ ਵੀ ਹੁਣ ਨਕਦ ਰਹਿਤ ਲੈਣ-ਦੇਣ 'ਤੇ ਜ਼ੋਰ ਦੇਣ ਲੱਗੇ ਹਨ। ਜਿਸ ਨੂੰ ਦੇਖਦੇ ਹੋਏ ਨਕਦ ਰਹਿਤ ਲੈਣ-ਦੇਣ ਦੀਆਂ ਸਹੂਲਤਾਂ ਨੂੰ ਜ਼ਿਆਦਾ ਵਧੀਆ ਕੀਤਾ ਜਾ ਰਿਹਾ ਹੈ।


Related News