ਮੋਦੀ ਦਾ ਕੈਨੇਡਾ ਨੂੰ ਭਾਰਤ 'ਚ ਸੱਖਿਆ, ਖੇਤੀਬਾੜੀ 'ਚ ਨਿਵੇਸ਼ ਕਰਨ ਦਾ ਸੱਦਾ
Friday, Oct 09, 2020 - 12:19 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਕੀਤੇ ਗਏ ਸੁਧਾਰਾਂ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕੈਨੇਡਾ ਦੇ ਉਦਯੋਗਪਤੀਆਂ ਨੂੰ ਭਾਰਤ ਵਿਚ ਸਿੱਖਿਆ, ਖੇਤੀਬਾੜੀ ਅਤੇ ਨਿਰਮਾਣ ਸਮੇਤ ਵੱਖ-ਵੱਖ ਖੇਤਰਾਂ ਵਿਚ ਨਿਵੇਸ਼ ਕਰਨ ਲਈ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਭਾਰਤ ਨਿਵੇਸ਼ਕਾਂ ਨੂੰ ਰਾਜਨੀਤਕ ਸਥਿਰਤਾ ਅਤੇ ਨਿਵੇਸ਼ ਅਨੁਕੂਲ ਨੀਤੀਆ ਦੇ ਨਾਲ, ਉਨ੍ਹਾਂ ਸਭ ਚੀਜ਼ਾਂ ਦੀ ਪੇਸ਼ਕਸ਼ ਕਰਦਾ ਹੈ, ਜੋ ਨਿਵੇਸ਼ਕ ਕਿਸੇ ਦੇਸ਼ ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਸੋਚਦੇ ਹਨ। ਮੋਦੀ ਨੇ ਇਸ ਮੌਕੇ ਕਿਰਤ ਅਤੇ ਖੇਤੀ ਸਮੇਤ ਵੱਖ-ਵੱਖ ਖੇਤਰਾਂ ਵਿਚ ਕੀਤੇ ਗਏ ਪ੍ਰਮੁੱਖ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨਾਲ ਨਾ ਸਿਰਫ ਨਿਵੇਸ਼ਕਾਂ ਲਈ ਵਪਾਰ ਕਰਨਾ ਸੌਖਾ ਹੋਵੇਗਾ ਸਗੋਂ ਕਿਸਾਨਾਂ ਅਤੇ ਕਾਮਿਆਂ ਨੂੰ ਵੀ ਫਾਇਦਾ ਹੋਵੇਗਾ।
ਮੋਦੀ ਨੇ ਕੈਨੇਡਾ 'ਚ ਆਯੋਜਿਤ 'ਇਨਵੈਸਟਮੈਂਟ ਇੰਡੀਆ-2020' ਸੰਮੇਲਨ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਦੇ ਹੋਏ ਇਹ ਗੱਲਾਂ ਆਖੀਆਂ।
ਇਹ ਸੰਮੇਲਨ ਭਾਰਤ ਤੇ ਕੈਨੇਡਾ ਵਿਚਕਾਰ ਰਿਸ਼ਤਿਆਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਵਿਸ਼ੇਸ਼ ਉਦੇਸ਼ ਨਾਲ ਆਯੋਜਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ, ਖੇਤੀ ਅਤੇ ਕਿਰਤ ਖੇਤਰਾਂ 'ਚ ਮਹੱਤਵਪੂਰਨ ਸੁਧਾਰ ਕੀਤੇ ਹਨ। ਜੇਕਰ ਤੁਸੀਂ ਸਿੱਖਿਆ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਉਹ ਸਥਾਨ ਹੈ। ਜੇਕਰ ਤੁਸੀਂ ਨਿਰਮਾਣ ਜਾਂ ਸੇਵਾ ਖੇਤਰ 'ਚ ਨਿਵੇਸ਼ 'ਤੇ ਵਿਚਾਰ ਕਰ ਰਹੇ ਹੋ ਤਾਂ ਭਾਰਤ ਉਹ ਸਥਾਨ ਹੈ। ਕੋਰੋਨਾ ਮਹਾਮਾਰੀ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ, ''ਕੋਵਿਡ-19 ਦੌਰਾਨ ਭਾਰਤ ਨੇ ਇਕ ਵਿਲੱਖਣ ਰੁਖ਼ ਅਪਣਾਇਆ ਹੈ। ਅਸੀਂ ਗਰੀਬਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਰਾਹਤ ਅਤੇ ਪ੍ਰੋਤਸਾਹਨ ਪੈਕਜ ਪ੍ਰਦਾਨ ਕੀਤੇ। ਇਸ ਮੌਕੇ ਦੀ ਵਰਤੋਂ ਢਾਂਚਾਗਤ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਕੀਤੀ। ਇਹ ਸੁਧਾਰ ਵਧੇਰੇ ਉਤਪਾਦਕਤਾ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਂਦੇ ਹਨ।''