ਮੋਬਾਇਲ ਯੂਜ਼ਰਜ਼ ਨੂੰ ਤਕੜਾ ਝਟਕਾ, ਹੋਰ ਮਹਿੰਗੇ ਹੋ ਸਕਦੇ ਹਨ ਟੈਰਿਫ ਪਲਾਨ

12/19/2019 12:09:50 PM

ਗੈਜੇਟ ਡੈਸਕ– ਮੋਬਾਇਲ ਫੋਨ ਯੂਜ਼ਰਜ਼ ਨੂੰ ਜਲਦ ਹੀ ਇਕ ਹੋਰ ਝਟਕਾ ਲੱਗ ਸਕਦਾ ਹੈ। ਕਾਲਿੰਕ ਅਤੇ ਡਾਟਾ ਪਲਾਨ ਹੋਰ ਮਹਿੰਗੇ ਹੋ ਸਕਦੇ ਹਨ। ਹਾਲ ਹੀ ’ਚ ਏਅਰਟੈੱਲ, ਵੋਡਾਫੋਨ-ਆਈਡੀਆ ਤੇ ਰਿਲਾਇੰਸ ਜਿਓ ਨੇ ਆਪਣੇ ਪਲਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਟਰਾਈ ਦਾ ਨਵਾਂ ਕਦਮ ਕੰਪਨੀਆਂ ਨੂੰ ਟੈਰਿਫ ਪਲਾਨ ਦਰਾਂ 'ਚ ਹੋਰ ਵਾਧਾ ਕਰਨ ਦਾ ਮੌਕਾ ਦੇ ਸਕਦਾ ਹੈ, ਜਿਸ ਨਾਲ ਮੁਫਤ ਕਾਲ ਤੇ ਸਸਤੇ ਡਾਟਾ ਦਾ ਦੌਰ ਖਤਮ ਹੋ ਸਕਦਾ ਹੈ।

 

ਟਰਾਈ ਨੇ ਘੱਟੋ-ਘੱਟ ਟੈਰਿਫ ਤੈਅ ਕਰਨ ਲਈ ‘ਕੰਸਲਟੇਸ਼ਨ ਪੇਪਰ’ ਜਾਰੀ ਕੀਤਾ ਹੈ। ਇਸ ਤਹਿਤ ਟਰਾਈ ਮੋਬਾਇਲ ਫੋਨ ਕਾਲ ਤੇ ਡਾਟਾ ਲਈ ਘੱਟੋ-ਘੱਟ ਟੈਰਿਫ ਦਰਾਂ ਨਿਰਧਾਰਤ ਕਰ ਸਕਦਾ ਹੈ, ਯਾਨੀ ਉਸ ਤੋਂ ਘੱਟ ਕੀਮਤ 'ਤੇ ਸਸਤਾ ਪਲਾਨ ਨਹੀਂ ਮਿਲੇਗਾ। ਟਰਾਈ ਮੁਤਾਬਕ, ਕੰਪਨੀਆਂ ਨੇ ਪਹਿਲਾਂ ਤਾਂ ਇਸ ਦਾ ਸਖਤ ਵਿਰੋਧ ਕੀਤਾ ਸੀ ਤੇ ਉਨ੍ਹਾਂ ਦਾ ਤਰਕ ਸੀ ਕਿ ਟੈਰਿਫ ਤੈਅ ਕਰਨਾ ਕੰਪਨੀਆਂ ਦੇ ਅਧਿਕਾਰ ’ਚ ਹੋਣਾ ਚਾਹੀਦਾ ਹੈ ਪਰ ਹੁਣ ਕੰਪਨੀਆਂ ਨੇ ਇਸ 'ਚ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਟਰਾਈ ਨੇ ਘੱਟੋ-ਘੱਟ ਦਰਾਂ ਬਾਰੇ 17 ਜਨਵਰੀ ਤਕ ਸੁਝਾਅ ਮੰਗੇ ਹਨ। 

ਟੈਲੀਕਾਮ ਰੈਗੁਲੇਟਰੀ ਦੇ ਕਦਮ ਨਾਲ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੇ ਬਿਜ਼ਨੈੱਸ ’ਚ ਸੁਧਾਰ ਹੋਣ ਅਤੇ ਇਨ੍ਹਾਂ ਕੰਪਨੀਆਂ ਦੀ ਵਿੱਤੀ ਹਾਲਤ ਬਿਹਤਰ ਹੋਣ ਦਾ ਅਨੁਮਾਨ ਹੈ। ਵਿਸ਼ਲੇਸ਼ਕਾਂ ਮੁਤਾਬਕ, ਜੇਕਰ ਟੈਰਿਫ ਪਲਾਨ ਦੀਆਂ ਕੀਮਤਾਂ ਦੀ ਲਿਮਟ ਤੈਅ ਹੁੰਦੀ ਹੈ ਤਾਂ ਵੋਡਾਫੋਨ-ਆਈਡੀਆ ਵਰਗੀ ਕੰਪਨੀ ਬੈਂਕ ਕਰੱਪਟ ਹੋਣ ਤੋਂ ਬਚ ਸਕਦੀ ਹੈ। ਇਸ ਨਾਲ ਟੈਰਿਫ ’ਚ ਹੋਰ ਵਾਧੇ ਦੀ ਗੁੰਜਾਇਸ ਵੀ ਬਣ ਸਕਦੀ ਹੈ। 

ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਹਾਲ ਹੀ ’ਚ ਈ.ਟੀ. ਨਾਲ ਗੱਲਬਾਤ ’ਚ ਕਿਹਾ ਕਿ ਟੈਰਿਫ ਨੂੰ ਪਹਿਲਾਂ 200 ਰੁਪਏ ਪ੍ਰਤੀ ਸਬਸਕ੍ਰਾਈਬਰ ਪ੍ਰਤੀ ਮਹੀਨਾ ਕਰਨ ਅਤੇ ਫਿਰ 300 ਰੁਪਏ ’ਤੇ ਲੈ ਕੇ ਜਾਣ ਲਈ ਰੈਗੁਲੇਟਰ ਨੂੰ ਕਦਮ ਚੁੱਕਣਾ ਚਾਹੀਦਾ ਹੈ। ਇਸ ਨਾਲ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਟੈਲੀਕਾਮ ਕੰਪਨੀਆਂ ਨੂੰ ਮਦਦ ਮਿਲੇਗੀ। ਸੈਲੁਲਰ ਆਪਰੇਟਰ ਐਸੋਸੀਏਸ਼ਨ ਆਫ ਇੰਡੀਆ (COAI) ਦਾ ਕਹਿਣਾ ਹੈ ਕਿ ਇਨ੍ਹਾਂ ਕਦਮਾਂ ਨਾਲ ਵੱਡਾ ਇਨਵੈਸਟਮੈਂਟ ਹਾਸਲ ਹੋ ਸਕਦਾ ਹੈ। 

 


Related News