ਮਹਿੰਗਾ ਹੋ ਸਕਦਾ ਹੈ ਰੀਚਾਰਜ ਕਰਾਉਣਾ, ਲੱਗਣ ਜਾ ਰਿਹੈ ਇਕ ਹੋਰ ਝਟਕਾ
Tuesday, Sep 01, 2020 - 10:27 PM (IST)
ਨਵੀਂ ਦਿੱਲੀ— ਜਲਦ ਹੀ ਮੋਬਾਇਲ 'ਤੇ ਗੱਲਾਂ ਕਰਨਾ ਅਤੇ ਇੰਟਰਨੈੱਟ ਚਲਾਉਣਾ ਹੋਰ ਮਹਿੰਗਾ ਹੋ ਸਕਦਾ ਹੈ। ਇਸ ਦਾ ਕਾਰਨ ਹੈ ਕਿ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੂੰ ਏ. ਜੀ. ਆਰ. ਦੇ ਬਕਾਏ ਦਾ 10 ਫੀਸਦੀ ਹਿੱਸਾ ਅਗਲੇ 7 ਮਹੀਨਿਆਂ 'ਚ ਸਰਕਾਰ ਨੂੰ ਚੁਕਾਉਣਾ ਹੈ, ਜਿਸ ਲਈ ਉਨ੍ਹਾਂ ਨੂੰ ਕਾਲ ਅਤੇ ਡਾਟਾ ਦਰਾਂ 'ਚ ਘੱਟੋ-ਘੱਟ 10 ਫੀਸਦੀ ਵਾਧਾ ਕਰਨਾ ਪੈ ਸਕਦਾ ਹੈ। ਇੰਡਸਟਰੀ ਮਾਹਰਾਂ ਨੇ ਇਹ ਅੰਦਾਜ਼ਾ ਪ੍ਰਗਟ ਕੀਤਾ ਹੈ।
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦੂਰਸੰਚਾਰ ਸੰਚਾਲਕਾਂ ਨੂੰ 31 ਮਾਰਚ 2021 ਤੱਕ ਆਪਣੇ ਐਡਜਸਟ ਗ੍ਰੋਸ ਰੈਵੇਨਿਊ (ਏ. ਜੀ. ਆਰ.) ਦੇਣਦਾਰੀ ਦਾ 10 ਫੀਸਦੀ ਚੁਕਾਉਣ ਦਾ ਹੁਕਮ ਦਿੱਤਾ ਹੈ ਅਤੇ ਬਾਕੀ ਰਕਮ ਦਾ ਭੁਗਤਾਨ 31 ਮਾਰਚ 2031 ਤੱਕ ਕਰਨ ਲਈ ਨਿਰੇਦਸ਼ ਦਿੱਤਾ ਹੈ।
ARPU ਵਧਾਉਣ ਦੀ ਜ਼ਰੂਰਤ-
ਬ੍ਰੋਕਰੇਜ ਫਰਮ ਜੈਫਰੀਜ ਮੁਤਾਬਕ, ਇਸ ਦਾ ਮਤਲਬ ਹੈ ਕਿ ਆਉਣ ਵਾਲੀ ਮਾਰਚ ਤੱਕ ਭਾਰਤੀ ਏਅਰਟੈੱਲ ਨੂੰ ਤਕਰੀਬਨ 2,600 ਕਰੋੜ ਰੁਪਏ ਅਤੇ ਵੋਡਾਫੋਨ ਆਈਡੀਆ ਨੂੰ 5,000 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜਿਸ ਲਈ ਉਨ੍ਹਾਂ ਨੂੰ ਪ੍ਰਤੀ ਗਾਹਕ ਔਸਤ ਰੈਵੇਨਿਊ (ਏ. ਆਰ. ਪੀ. ਯੂ.) ਕ੍ਰਮਵਾਰ 10 ਫੀਸਦੀ ਤੇ 27 ਫੀਸਦੀ ਤੱਕ ਵਧਾਉਣ ਦੀ ਜ਼ਰੂਰਤ ਹੋਵੇਗੀ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਏਅਰਟੈੱਲ ਦਾ ਏ. ਆਰ. ਪੀ. ਯੂ. 157 ਰੁਪਏ ਤੇ ਵੋਡਾਫੋਨ ਆਈਡੀਆ ਦਾ 114 ਰੁਪਏ ਸੀ। ਜੈਫਰੀਜ ਨੇ ਕਿਹਾ, ''ਸਾਡੇ ਵਿਚਾਰ 'ਚ ਟੈਰਿਫ 'ਚ ਜਲਦ ਹੀ ਘੱਟੋ-ਘੱਟ 10 ਫੀਸਦੀ ਵਾਧਾ ਹੋ ਸਕਦਾ ਹੈ।'' ਦੂਰਸੰਚਾਰ ਸੇਵਾਵਾਂ ਪ੍ਰਦਾਤਾਵਾਂ ਨੇ 4 ਸਾਲਾਂ 'ਚ ਪਹਿਲੀ ਵਾਰ ਦਸੰਬਰ 2019 'ਚ ਟੈਰਿਫਾਂ 'ਚ 40 ਫੀਸਦੀ ਤੱਕ ਦਾ ਵਾਧਾ ਕੀਤਾ ਸੀ, ਜਿਸ ਨਾਲ 2020 ਦੀ ਪਹਿਲੀ ਛਿਮਾਹੀ 'ਚ ਉਨ੍ਹਾਂ ਦੀ ਕਮਾਈ 20 ਫੀਸਦੀ ਵਧੀ ਹੈ।
ਉੱਥੇ ਹੀ, ਐਨਾਲਿਸਸ ਮੇਸਨ ਵਿਖੇ ਭਾਰਤ ਤੇ ਮਿਡਲ ਈਸਟ ਦੇ ਮੁਖੀ ਰੋਹਨ ਧਮੀਜਾ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਅਗਲੇ 12-24 ਮਹੀਨਿਆਂ 'ਚ ਦੂਰਸੰਚਾਰ ਸੇਵਾਵਾਂ ਪ੍ਰਦਾਤਾਵਾਂ ਨੂੰ ਪ੍ਰਤੀ ਗਾਹਕ ਔਸਤ ਰੈਵੇਨਿਊ (ਏ. ਆਰ. ਪੀ. ਯੂ.) 200 ਰੁਪਏ ਤੱਕ ਲਿਜਾਣ ਦੀ ਜ਼ਰੂਰਤ ਹੋਵੇਗੀ।”