DEC 'ਚ ਸਸਤਾ ਹੋ ਸਕਦਾ ਹੈ ਪਿਆਜ਼, ਮਿਸਰ ਤੋਂ ਇੰਪੋਰਟ ਹੋਵੇਗਾ ਇੰਨਾ ਟਨ

Tuesday, Nov 26, 2019 - 10:50 AM (IST)

DEC 'ਚ ਸਸਤਾ ਹੋ ਸਕਦਾ ਹੈ ਪਿਆਜ਼, ਮਿਸਰ ਤੋਂ ਇੰਪੋਰਟ ਹੋਵੇਗਾ ਇੰਨਾ ਟਨ

ਨਵੀਂ ਦਿੱਲੀ— ਜਨਤਕ ਖੇਤਰ ਦੀ ਕੰਪਨੀ ਐੱਮ. ਐੱਮ. ਟੀ. ਸੀ. ਨੇ ਮਿਸਰ ਤੋਂ 6,090 ਟਨ ਪਿਆਜ਼ ਦੀ ਦਰਾਮਦ ਕਰਨ ਦਾ ਸਮਝੌਤਾ ਕੀਤਾ ਹੈ। ਇਹ ਰਾਜਾਂ ਨੂੰ 52 ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤਾ ਜਾਵੇਗਾ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਸਪਲਾਈ ਵਧਾਉਣ ਦੇ ਇਰਾਦੇ ਨਾਲ ਇਹ ਕਦਮ ਚੁੱਕਿਆ ਗਿਆ ਹੈ। ਕੇਂਦਰੀ ਮੰਤਰੀ ਮੰਡਲ ਨੇ ਪਿਛਲੇ ਹਫਤੇ ਹੀ 1.2 ਲੱਖ ਟਨ ਪਿਆਜ਼ ਦੀ ਦਰਾਮਦ ਨੂੰ ਮਨਜ਼ੂਰੀ ਦਿੱਤੀ ਸੀ। ਪ੍ਰਚੂਨ ਬਾਜ਼ਾਰ ’ਚ ਕੀਮਤਾਂ 100 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਜਾਣ ’ਤੇ ਸਰਕਾਰ ਨੇ ਇਹ ਠੋਸ ਫੈਸਲਾ ਕੀਤਾ ਸੀ। ਦਰਾਮਦ ਕੀਤੇ ਪਿਆਜ਼ ਦੀ ਸਪਲਾਈ ਦਸੰਬਰ ਤੋਂ ਸ਼ੁਰੂ ਹੋਵੇਗੀ।

 

ਖਪਤਕਾਰ ਮਾਮਲਿਆਂ ਦੇ ਸਕੱਤਰ ਏ. ਕੇ. ਸ਼੍ਰੀਵਾਸਤਵ ਨੇ ਸੋਮਵਾਰ ਨੂੰ ਵੱਖ-ਵੱਖ ਰਾਜ ਸਰਕਾਰਾਂ ਨਾਲ ਪਿਆਜ਼ ਦੀ ਕੀਮਤ, ਸਪਲਾਈ ਤੇ ਕੀਮਤਾਂ ਨੂੰ ਲੈ ਕੇ ਇਕ ਸਮੀਖਿਆ ਮੀਟਿੰਗ ਵੀ ਕੀਤੀ। ਉਨ੍ਹਾਂ ਨੇ ਇਸ ਸੰਬੰਧ ’ਚ ਸਾਰੇ ਰਾਜਾਂ ਦੇ ਸਕੱਤਰਾਂ ਨੂੰ ਪੱਤਰ ਵੀ ਲਿਖੇ ਹਨ। ਉੱਥੇ ਹੀ, ਦੂਜੇ ਪਾਸੇ ਨੈਫੇਡ ਨੇ ਕਿਹਾ ਹੈ ਕਿ ਉਹ ਆਪਣੀਆਂ ਦੁਕਾਨਾਂ, ਮਦਰ ਡੇਅਰੀ, ਕੇਂਦਰੀ ਸਟੋਰਾਂ ਤੇ ਐੱਨ. ਸੀ. ਸੀ. ਐੱਫ. ਰਾਹੀਂ ਪਿਆਜ਼ ਦੀ ਪ੍ਰਚੂਨ ਵਿਕਰੀ ਕਰੇਗੀ।

ਜ਼ਿਕਰਯੋਗ ਹੈ ਸਥਾਨਕ ਬਾਜ਼ਾਰਾਂ ’ਚ ਸਪਲਾਈ ਵਧਾਉਣ ’ਤੇ ਕੀਮਤਾਂ ’ਤੇ ਲਗਾਮ ਲਾਉਣ ਲਈ ਸਰਕਾਰ ਵੱਲੋਂ ਬਰਾਮਦ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਮਾਨਸੂਨ ’ਚ ਦੇਰੀ ਨਾਲ ਪਿਆਜ਼ ਦੀ ਬਿਜਾਈ ’ਚ ਤਿੰਨ-ਚਾਰ ਹਫਤੇ ਦੀ ਦੇਰੀ ਹੋਈ ਤੇ ਇਸ ਦੇ ਉਤਪਾਦਨ ਖੇਤਰ ’ਚ ਵੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਪ੍ਰਮੁੱਖ ਪਿਆਜ਼ ਉਤਪਾਦਕ ਰਾਜਾਂ ਕਰਨਾਟਕ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ’ਚ ਬੇਮੌਸਮ ਬਾਰਸ਼ ਕਾਰਨ ਫਸਲ ਨੂੰ ਨੁਕਸਾਨ ਹੋਣ ਨਾਲ ਸਪਲਾਈ ’ਚ ਕਮੀ ਹੋ ਗਈ ਸੀ।


Related News