ਹੁਣ ਮੰਤਰੀ-ਅਫ਼ਸਰਾਂ ਨੂੰ ਉਧਾਰ ਨਹੀਂ ਮਿਲੇਗੀ 'Air India' ਦੀ ਟਿਕਟ, ਇਹ ਆਦੇਸ਼ ਵੀ ਹੋਏ ਜਾਰੀ
Friday, Oct 29, 2021 - 04:20 PM (IST)
 
            
            ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨਸ ਏਅਰ ਇੰਡੀਆ ਨੇ ਉਧਾਰ 'ਚ ਟਿਕਟ ਦੇਣ ਦੀ ਸੁਵਿਧਾ ਬੰਦ ਕਰ ਦਿੱਤੀ ਹੈ। ਇਸ ਬਾਬਤ ਵਿੱਤੀ ਮੰਤਰਾਲੇ ਨੇ ਕੇਂਦਰ ਦੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਕਿਹਾ ਕਿ ਉਹ ਹੁਣ ਏਅਰ ਇੰਡੀਆ ਦੇ ਟਿਕਟ ਕੈਸ਼ 'ਚ ਖਰੀਦਣ। ਨਾਲ ਹੀ ਸਰਕਾਰ ਨੇ ਹਵਾਬਾਜ਼ੀ ਕੰਪਨੀ ਦਾ ਬਕਾਇਆ ਤੁਰੰਤ ਚੁਕਾਉਣ ਨੂੰ ਕਿਹਾ ਹੈ। ਵਿੱਤੀ ਮੰਤਰਾਲੇ ਦੇ ਇਸ ਆਦੇਸ਼ ਤੋਂ ਬਾਅਦ ਹੁਣ ਏਅਰ ਇੰਡੀਆ ਤੋਂ ਹਵਾਈ ਸਫ਼ਰ ਕਰਨ ਲਈ ਉਨ੍ਹਾਂ ਸਰਕਾਰੀ ਅਫਸਰਾਂ ਨੂੰ ਵੀ ਪੈਸੇ ਚੁਕਾਉਣੇ ਹੋਣਗੇ, ਜਿਨ੍ਹਾਂ ਦੀ ਯਾਤਰਾ ਦਾ ਖਰਚ ਭਾਰਤ ਸਰਕਾਰ ਚੁੱਕਦੀ ਹੈ। 
ਦੱਸ ਦੇਈਏ ਕਿ ਏਅਰ ਇੰਡੀਆ 'ਚ ਸਾਲ 2009 'ਚ ਅਜਿਹੀ ਸੁਵਿਧਾ ਸੀ ਕਿ ਘਰੇਲੂ ਅਤੇ ਕੌਮਾਂਤਰੀ ਹਵਾਈ ਉਡਾਣਾਂ ਦੇ ਮਾਮਲੇ 'ਚ ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਦੇ ਅਧਿਕਾਰੀ ਸਰਕਾਰੀ ਖਰਚ 'ਤੇ ਯਾਤਰਾ ਕਰ ਸਕਦੇ ਸਨ। ਹੁਣ ਟਾਟਾ ਸਨਸ ਨੇ ਏਅਰ ਇੰਡੀਆ ਨੂੰ ਖਰੀਦ ਲਿਆ ਹੈ। 
ਬੀਤੇ ਦਿਨੀਂ ਟਾਟਾ ਕੰਪਨੀ ਨੇ ਇਸ ਸਰਕਾਰੀ ਏਅਰਲਾਈਨਸ ਲਈ ਸਭ ਤੋਂ ਜ਼ਿਆਦਾ 18,000 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਏਅਰ ਇੰਡੀਆ ਦਾ ਮਾਲਕਾਨਾ ਹੱਕ ਮਿਲਣ ਤੋਂ ਬਾਅਦ ਨਵੇਂ ਮਾਲਕ ਨੂੰ ਇਸ ਨਾਲ ਜੁੜੇ ਨਾਂ ਅਤੇ ਲੋਕਾਂ ਨੂੰ ਅਜੇ 5 ਸਾਲ ਤੱਕ ਸੰਭਾਲ ਕੇ ਰੱਖਣਾ ਹੋਵੇਗਾ। ਵਿਨਿਵੇਸ਼ ਦੇ ਮੋਰਚੇ 'ਤੇ ਕੇਂਦਰ ਸਰਕਾਰ ਲਈ ਇਹ ਇਕ ਵੱਡੀ ਸਫ਼ਲਤਾ ਹੈ ਪਰ ਏਅਰ ਇੰਡੀਆ ਨੂੰ ਵੇਚਣ ਦੀ ਨੌਬਤ ਕਿਉਂ ਆਈ, ਇਸ ਦੀ ਕਹਾਣੀ ਲੰਬੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            