ਮੇਟਾ ਨੂੰ ਝਟਕਾ, ਇਸ ਦੇਸ਼ ’ਚ ਲੱਗਾ 153 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ
Thursday, Oct 27, 2022 - 02:06 PM (IST)
ਗੈਜੇਟ ਡੈਸਕ– ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਮੇਟਾ ’ਤੇ ਤੁਰਕੀ ਦੇ ਮੁਕਾਬਲਾ ਕਾਨੂੰਨ ਤੋੜਨ ਲਈ ਜੁਰਮਾਨਾ ਲਗਾਇਆ ਗਿਆ ਹੈ। ਕੰਪਨੀ ’ਤੇ ਕਰੀਬ 346.72 ਮਿਲੀਅਨ ਟਰਕਿਸ਼ ਲੀਰਾ (ਕਰੀਬ 153 ਕਰੋੜ ਰੁਪਏ) ਜਾਂ 18.63 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਤੁਰਕੀ ਦੇ ਅਧਿਕਾਰੀ ਨੇ ਇਕ ਬਿਆਨ ’ਚ ਕਿਹਾ ਕਿ ਕੰਪਨੀ ਵਿਅਕਤੀਗਤ ਸੋਸ਼ਲ ਨੈੱਟਵਰਕਿੰਗ ਸਰਵਿਸ ਅਤੇ ਆਨਲਾਈਨ ਵੀਡੀਓ ਐਡਵਰਟਾਈਜ਼ਮੈਂਟ ਬਾਜ਼ਾਰ ’ਚ ਇਕ ਪ੍ਰਮੁੱਖ ਸਥਾਨ ’ਤੇ ਹੈ ਅਤੇ ਕੰਪਨੀ ਨੇ ਮੁੱਖ ਸਰਵਿਸ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਰਾਹੀਂ ਇਕੱਠੇ ਕੀਤੇ ਗਏ ਡਾਟਾ ਨੂੰ ਮਰਜ ਕਰਕੇ ਮੁਕਾਬਲੇਬਾਜ਼ੀ ’ਚ ਰੁਕਾਵਟ ਪਾਈ ਹੈ। ਦੱਸ ਦੇਈਏ ਕਿ ਮੇਟਾ ਦੀ ਮਲਕੀਅਤ ਵਾਲੇ ਵਟਸਐਪ ’ਤੇ ਭਾਰਤ ’ਚ ਵੀ ਡਾਟਾ ਪ੍ਰਾਈਵੇਸੀ ਨੂੰ ਲੈ ਕੇ ਜਾਂਚ ਚੱਲ ਰਹੀ ਹੈ।
ਉੱਥੇ ਹੀ ਮੇਟਾ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਜੁਰਮਾਨੇ ’ਤੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਤੁਰਕੀ ਮੁਕਾਬਲਾ ਕਾਨੂੰਨ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ। ਬੁਲਾਰੇ ਨੇ ਕਿਹਾ ਕਿ ਮੇਟਾ ਯੂਜ਼ਰਜ਼ ਦੀ ਪ੍ਰਾਈਵੇਸੀ ਦੀ ਰੱਖਿਆ ਕਰਦੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਡਾਟਾ ’ਤੇ ਪਾਰਦਰਸ਼ਿਤਾ ਅਤੇ ਕੰਟਰੋਲ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਸਾਰੇ ਬਦਲਾਂ ’ਤੇ ਵਿਚਾਰ ਕਰੇਗੀ।
ਤੁਰਕੀ ਮੁਕਾਬਲਾ ਅਥਾਰਟੀ ਨੇ ਕਿਹਾ ਕਿ ਮੇਟਾ ਨੂੰ ਬਾਜ਼ਾਰ ’ਚ ਮੁਕਾਬਲੇਬਾਜ਼ੀ ਨੂੰ ਬਹਾਲ ਕਰਨ ਅਤੇ ਅਗਲੇ ਪੰਜ ਸਾਲਾਂ ’ਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸਾਲਾਨਾ ਰਿਪੋਰਟ ਦੇਣੀ ਹੋਵੇਗੀ। ਅਥਾਰਟੀ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਜੁਰਮਾਨਾ ਕੰਪਨੀ ਦੀ 2021 ਦੀ ਆਦਮਨ ਦੇ ਆਧਾਰ ’ਤੇ ਲਗਾਇਆ ਗਿਆ ਸੀ।