ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 2.16 ਲੱਖ ਕਰੋੜ ਰੁਪਏ ਘਟਿਆ
Sunday, Jan 29, 2023 - 04:09 PM (IST)
ਨਵੀਂ ਦਿੱਲੀ—ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ 7 ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) 'ਚ ਪਿਛਲੇ ਹਫਤੇ ਸਮੂਹਿਕ ਤੌਰ 'ਤੇ 2,16,092.54 ਕਰੋੜ ਰੁਪਏ ਦੀ ਗਿਰਾਵਟ ਆਈ। ਸਭ ਤੋਂ ਵੱਧ ਨੁਕਸਾਨ ਰਿਲਾਇੰਸ ਇੰਡਸਟਰੀਜ਼ ਅਤੇ ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ) ਨੂੰ ਹੋਇਆ। ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,290.87 ਅੰਕ ਜਾਂ 2.12 ਫੀਸਦੀ ਹੇਠਾਂ ਆਇਆ। ਇਨ੍ਹਾਂ ਤੋਂ ਇਲਾਵਾ ਐੱਚ.ਡੀ.ਐੱਫ.ਸੀ ਬੈਂਕ, ਇੰਫੋਸਿਸ, ਆਈ.ਸੀ.ਆਈ.ਸੀ.ਆਈ ਬੈਂਕ, ਐੱਚ.ਡੀ.ਐੱਫ.ਸੀ ਅਤੇ ਭਾਰਤੀ ਏਅਰਟੈੱਲ ਦੇ ਬਾਜ਼ਾਰ ਪੂੰਜੀਕਰਣ 'ਚ ਵੀ ਗਿਰਾਵਟ ਆਈ ਹੈ। ਦੂਜੇ ਪਾਸੇ, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ), ਹਿੰਦੁਸਤਾਨ ਯੂਨੀਲੀਵਰ ਅਤੇ ਆਈ.ਟੀ.ਸੀ ਦਾ ਬਾਜ਼ਾਰ ਮੁੱਲਾਂਕਣ ਵਧ ਗਿਆ।
ਸਮੀਖਿਆ ਅਧੀਨ ਹਫਤੇ 'ਚ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 71,003.2 ਕਰੋੜ ਰੁਪਏ ਘਟ ਕੇ 15,81,601.11 ਕਰੋੜ ਰੁਪਏ ਰਹਿ ਗਿਆ। ਸਭ ਤੋਂ ਵੱਧ ਨੁਕਸਾਨ ਰਿਲਾਇੰਸ ਇੰਡਸਟਰੀਜ਼ ਨੂੰ ਹੋਇਆ ਹੈ। ਐੱਸ.ਬੀ.ਆਈ ਦਾ ਮਾਰਕੀਟ ਕੈਪ 46,318.73 ਕਰੋੜ ਰੁਪਏ ਘਟ ਕੇ 4,82,107.53 ਕਰੋੜ ਰੁਪਏ ਰਹਿ ਗਿਆ। ਆਈ.ਸੀ.ਆਈ.ਸੀ.ਆਈ ਬੈਂਕ ਦਾ ਬਾਜ਼ਾਰ ਮੁਲਾਂਕਣ 36,836.03 ਕਰੋੜ ਰੁਪਏ ਦੇ ਨੁਕਸਾਨ ਦੇ ਨਾਲ 5,70,509.34 ਕਰੋੜ ਰੁਪਏ 'ਤੇ ਆ ਗਿਆ। ਐੱਚ.ਡੀ.ਐੱਫ.ਸੀ ਬੈਂਕ ਦਾ ਬਾਜ਼ਾਰ ਪੂੰਜੀਕਰਨ 24,899.93 ਕਰੋੜ ਰੁਪਏ ਘੱਟ ਕੇ 9,01,287.61 ਕਰੋੜ ਰੁਪਏ ਅਤੇ ਭਾਰਤੀ ਏਅਰਟੈੱਲ ਦਾ 23,747.55 ਕਰੋੜ ਰੁਪਏ ਦੀ ਗਿਰਾਵਟ ਨਾਲ 4,31,583.22 ਕਰੋੜ ਰੁਪਏ ਰਹਿ ਗਿਆ। ਐੱਚ.ਡੀ.ਐੱਫ.ਸੀ ਦਾ ਬਾਜ਼ਾਰ ਮੁਲਾਂਕਣ 'ਚ 10,257.28 ਕਰੋੜ ਰੁਪਏ ਘਟ ਕੇ 4,85,809.79 ਕਰੋੜ ਰੁਪਏ ਰਹਿ ਗਿਆ। ਇੰਫੋਸਿਸ ਦਾ ਮਾਰਕੀਟ ਕੈਪ 3,029.82 ਕਰੋੜ ਰੁਪਏ ਘਟ ਕੇ 6,38,891.87 ਕਰੋੜ ਰੁਪਏ ਰਹਿ ਗਿਆ।
ਇਸ ਰੁਖ਼ ਦੇ ਉਲਟ, ਟੀ.ਸੀ.ਐੱਸ ਦਾ ਬਾਜ਼ਾਰ ਮੁਲਾਂਕਣ 17,837.88 ਕਰੋੜ ਰੁਪਏ ਵਧ ਕੇ 12,47,882.88 ਕਰੋੜ ਰੁਪਏ ਹੋ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਮਾਰਕੀਟ ਕੈਪ 14,931.65 ਕਰੋੜ ਰੁਪਏ ਵਧ ਕੇ 6,13,689.74 ਕਰੋੜ ਰੁਪਏ ਹੋ ਗਿਆ। ਆਈ.ਟੀ.ਸੀ. ਦਾ ਮੁਲਾਂਕਣ 13,591.48 ਕਰੋੜ ਰੁਪਏ ਵਧ ਕੇ 4,29,031.46 ਕਰੋੜ ਰੁਪਏ ਹੋ ਗਿਆ। ਰਿਲਾਇੰਸ ਇੰਡਸਟਰੀਜ਼ ਨੇ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ 'ਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਕ੍ਰਮਵਾਰ ਟੀ.ਸੀ.ਐੱਸ, ਐੱਚ.ਡੀ.ਐੱਫ.ਸੀ ਬੈਂਕ, ਇੰਫੋਸਿਸ, ਹਿੰਦੁਸਤਾਨ ਯੂਨੀਲੀਵਰ, ਆਈ.ਸੀ.ਆਈ.ਸੀ.ਆਈ ਬੈਂਕ, ਐੱਚ.ਡੀ.ਐੱਫ.ਸੀ, ਐੱਸ.ਬੀ.ਆਈ, ਭਾਰਤੀ ਏਅਰਟੈੱਲ ਅਤੇ ਆਈ.ਟੀ.ਸੀ.ਦਾ ਸਥਾਨ ਰਿਹਾ।