ਮਰੂਤੀ ਦੀਆਂ ਕਾਰਾਂ ’ਚ ਆਈ ਖ਼ਰਾਬੀ, ਕੰਪਨੀ ਨੇ ਵਾਪਸ ਮੰਗਵਾਈਆਂ 1.81 ਲੱਖ ਗੱਡੀਆਂ

09/03/2021 6:21:33 PM

ਨਵੀਂ ਦਿੱਲੀ, (ਭਾਸ਼ਾ)– ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਖ਼ਰਾਬ ਮੋਟਰ ਜਨਰੇਟਰ ਬਦਲਣ ਲਈ ਸਿਆਜ਼, ਵਿਟਾਰਾ ਬ੍ਰੇਜ਼ਾ ਅਤੇ ਐਕਸ.ਐੱਲ. 6 ਸਮੇਤ ਵੱਖ-ਵੱਖ ਮਾਡਲਾਂ ਦੀਆਂ 1,81,754 ਕਾਰਾਂ ਨੂੰ ਵਾਪਸ ਮੰਗਵਾਇਆ ਹੈ। ਮਾਰੂਤੀ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਇਕ ਜ਼ਿੰਮੇਵਾਰ ਕਾਰਪੋਰੇਟ ਕੰਪਨੀ ਹੋਣ ਦੇ ਨਾਅਤੇ ਅਤੇ ਗਾਹਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨੇ ਸਿਆਜ਼, ਅਰਟਿਗਾ, ਵਿਟਾਰਾ ਬ੍ਰੇਜ਼ਾ, ਐੱਸ-ਕ੍ਰਾਸ ਅਤੇ ਐਕਸ.ਐੱਲ. 6 ਦੇ ਕੁਝ ਪੈਟਰੋਲ ਮਾਡਲਾਂ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਲਿਆ ਹੈ। 

ਕੰਪਨੀ ਨੇ ਕਿਹਾ ਕਿ 4 ਮਈ, 2018 ਤੋਂ 27 ਅਕਤੂਬਰ 2020 ਵਿਚਕਾਰ ਬਣਾਏ ਗਏ ਮਾਡਲਾਂ ਦੀਆਂ 1,81,754 ਇਕਾਈਆਂ ’ਚ ਖ਼ਰਾਬੀ ਦੀ ਜਾਂਚ ਕਰਨ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ। ਸੰਭਾਵਿਤ ਸੁਰੱਖਿਆ ਖਾਮੀਆਂ ਨੂੰ ਦੂਰ ਕਰਨ ਲਈ ਵਿਸ਼ਵ ਪੱਧਰ ’ਤੇ ਇਸ ਤਹਿਤ ਮੁਹਿੰਮ ਚਲਾਈ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਗਾਹਕਾਂ ਦੇ ਹਿੱਤ ਨੂੰ ਧਿਆਨ ’ਚ ਰੱਖਦੇ ਹੋਏ ਮਾਰੂਤੀ ਸੁਜ਼ੂਕੀ ਨੇ ਬਿਨਾਂ ਕੋਈ ਫੀਸ ਲਏ ਮੋਟਰ ਜਨਰੇਟਰ ਪੁਰਜੇ ਦੀ ਜਾਂਚ/ਬਦਲਣ ਲਈ ਪ੍ਰਭਾਵਿਤ ਵਾਹਨਾਂ ਨੂੰ ਆਪਣੀ ਮਰਜ਼ੀ ਨਾਲ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ। 

ਕੰਪਨੀ ਨੇ ਕਿਹਾ ਕਿ ਪ੍ਰਭਾਵਿਤ ਗੱਡੀਆਂ ਦੇ ਮਾਲਿਕਾਂ ਨਾਲ ਕੰਪਨੀ ਦੇ ਅਧਿਕਾਰਿਤ ਸਰਵਿਸ ਸੈਂਟਰ ਦੁਆਰਾ ਸੰਪਰਕ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਪੁਰਜਾ ਬਦਲਣ ਦਾ ਕੰਮ ਨਵੰਬਰ 2021 ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ, ਉਦੋਂ ਤਕ ਗਾਹਕਾਂ ਨੂੰ ਅਪੀਲ ਹੈ ਕਿ ਉਹ ਪਾਣੀ ਨਾਲ ਭਰੇ ਖੇਤਰਾਂ ’ਚ ਵਾਹਨ ਚਲਾਉਣ ਤੋਂ ਬਚਣ।


Rakesh

Content Editor

Related News