ਚਿਪ ਸੰਕਟ, ਤਿਉਹਾਰਾਂ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਕਾਰਾਂ ਦਾ ਉਤਪਾਦਨ ਡਿੱਗਾ
Wednesday, Sep 08, 2021 - 01:52 PM (IST)
ਨਵੀਂ ਦਿੱਲੀ- ਤਿਉਹਾਰਾਂ ਤੋਂ ਪਹਿਲਾਂ ਸੈਮੀਕੰਡਕਟਰ ਯਾਨੀ ਚਿਪ ਦੀ ਘਾਟ ਆਟੋ ਕੰਪਨੀਆਂ ਨੂੰ ਬੁਰੀ ਤਰ੍ਹਾਂ ਡੰਗ ਰਹੀ ਹੈ। ਇਸ ਦੀ ਸਪਲਾਈ ਘੱਟ ਹੋਣ ਦੀ ਵਜ੍ਹਾ ਨਾਲ ਮਾਰੂਤੀ ਸੁਜ਼ੂਕੀ ਦੇ ਉਤਪਾਦਨ ਨੂੰ ਵੱਡਾ ਝਟਕਾ ਲੱਗਾ ਹੈ। ਕੰਪਨੀ ਦਾ ਅਗਸਤ ਵਿਚ ਉਤਪਾਦਨ ਸਾਲਾਨਾ ਆਧਾਰ 'ਤੇ 8 ਫ਼ੀਸਦੀ ਘੱਟ ਕੇ 1,13,937 ਇਕਾਈ ਰਿਹਾ।
ਮਾਰੂਤੀ ਸੁਜ਼ੂਕੀ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੈਮੀਕੰਡਕਟਰ ਦੀ ਘਾਟ ਕਾਰਨ ਮਹੀਨੇ ਦੌਰਾਨ ਉਸ ਦਾ ਉਤਪਾਦਨ ਪ੍ਰਭਾਵਿਤ ਹੋਇਆ। ਇਕ ਸਾਲ ਪਹਿਲਾਂ ਇਸੇ ਮਹੀਨੇ ਕੰਪਨੀ ਨੇ 1,23,769 ਵਾਹਨਾਂ ਦਾ ਉਤਪਾਦਨ ਕੀਤਾ ਸੀ।
ਸੈਮੀਕੰਡਕਟਰ ਸਿਲੀਕਨ ਚਿਪ ਹੈ, ਜਿਸ ਦਾ ਇਸਤੇਮਾਲ ਵਾਹਨ, ਕੰਪਿਊਟਰ ਤੇ ਮੋਬਾਇਲ ਫੋਨ ਅਤੇ ਵੱਖ-ਵੱਖ ਇਲੈਕਟ੍ਰਾਨਿਕ ਸਾਮਾਨਾਂ ਵਿਚ ਕੰਟਰੋਲ ਅਤੇ ਮੈਮੋਰੀ ਲਈ ਕੀਤਾ ਜਾਂਦਾ ਹੈ। ਹਾਲ ਹੀ ਦੇ ਸਮੇਂ ਵਿਚ ਨਵੇਂ ਇਲੈਕਟ੍ਰਾਨਿਕ ਫ਼ੀਚਰਜ਼ ਜਿਵੇਂ ਕਿ ਬਲੂਟੁਥ ਕੁਨੈਕਟੀਵਿਟੀ ਅਤੇ ਡਰਾਈਵਰ ਐਸਿਸਟ ਦੀ ਵਜ੍ਹਾ ਨਾਲ ਵਾਹਨ ਉਦਯੋਗ ਵਿਚ ਸੈਮੀਕੰਡਕਟਰਾਂ ਦਾ ਇਸਤੇਮਾਲ ਵਧਿਆ ਹੈ। ਮਾਰੂਤੀ ਨੇ ਕਿਹਾ ਕਿ ਅਗਸਤ ਵਿਚ ਉਸ ਦਾ ਯਾਤਰੀ ਵਾਹਨਾਂ ਦਾ ਕੁੱਲ ਉਤਪਾਦਨ ਘੱਟ ਕੇ 1,11,368 ਇਕਾਈ ਰਿਹਾ, ਜੋ ਅਗਸਤ 2020 ਵਿਚ 1,21,381 ਇਕਾਈ ਸੀ। ਮਹੀਨੇ ਦੌਰਾਨ ਮਿੰਨੀ ਕਾਰਾਂ- ਆਲਟੋ ਅਤੇ ਐੱਸ-ਪ੍ਰੈਸੋ ਦਾ ਉਤਪਾਦਨ 20,332 ਇਕਾਈ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 22,208 ਇਕਾਈ ਸੀ। ਇਸੇ ਤਰ੍ਹਾਂ ਕੰਪੈਕਟ ਕਾਰਾਂ- ਵੈਗਨਆਰ, ਸੇਲੇਰੀਓ, ਇਗਨਿਸ, ਸਵਿਫਟ, ਬਲੇਨੋ ਅਤੇ ਡਿਜ਼ਾਇਰ ਦਾ ਉਤਪਾਦਨ ਘੱਟ ਕੇ 47,640 ਇਕਾਈ ਰਿਹਾ, ਜੋ ਅਗਸਤ 2020 ਵਿਚ 67,348 ਇਕਾਈ ਸੀ। ਇਸੇ ਤਰ੍ਹਾਂ ਈਕੋ ਵੈਨ ਦਾ ਉਤਪਾਦਨ ਵੀ ਘੱਟ ਕੇ 10,430 ਇਕਾਈ 'ਤੇ ਪਹੁੰਚ ਗਿਆ, ਜੋ ਇਕ ਸਾਲ ਪਹਿਲਾਂ 8,898 ਇਕਾਈ ਸੀ। ਕੰਪਨੀ ਨੇ ਕਿਹਾ ਕਿ ਉਸ ਦੇ ਹਲਕੇ ਵਪਾਰਕ ਵਾਹਨ ਸੁਪਰ ਕੈਰੀ ਦਾ ਉਤਪਾਦਨ 2,569 ਇਕਾਈ ਰਿਹਾ। ਇਕ ਸਾਲ ਪਹਿਲਾਂ ਇਸੇ ਮਹੀਨੇ ਇਹ 2,388 ਇਕਾਈ ਸੀ। ਜੁਲਾਈ ਵਿਚ ਮਾਰੂਤੀ ਦਾ ਉਤਪਾਦਨ ਸਾਲਾਨਾ ਆਧਾਰ 'ਤੇ 58 ਫ਼ੀਸਦੀ ਵੱਧ ਕੇ 1,70,719 ਇਕਾਈ ਰਿਹਾ ਸੀ।