ਕੋਰੋਨਾ ਲਾਗ ਦੀ ਬਿਮਾਰੀ ਦੌਰਾਨ ਵੀ ਇਹਨਾਂ ਕਾਰ ਕੰਪਨੀਆਂ ਨੇ ਉਤਪਾਦਨ ’ਚ ਕੀਤਾ ਵਾਧਾ

Friday, Jul 17, 2020 - 12:34 PM (IST)

ਮੁੰਬਈ/ਨਵੀਂ ਦਿੱਲੀ– ਦੇਸ਼ ’ਚ ਲਾਕਡਾਊਨ ਨੂੰ ਵੱਖ-ਵੱਖ ਸੂਬਿਆਂ ’ਚ ਸਰਕਾਰ ਵਲੋਂ ਕਾਫੀ ਹੱਦ ਤੱਕ ਖਤਮ ਕੀਤੇ ਜਾਣ ਪਿੱਛੋਂ ਲੋਕਾਂ ਦੀ ਮੰਗ ਵੱਖ-ਵੱਖ ਵਸਤਾਂ ਨੂੰ ਖਰੀਦਣ ’ਚ ਤੇਜ਼ੀ ਨਾਲ ਵਧ ਰਹੀ ਹੈ। ਇਨ੍ਹਾਂ ’ਚ ਕਾਰਾਂ ਵੀ ਪ੍ਰਮੁੱਖ ਰੂਪ ਨਾਲ ਸ਼ਾਮਲ ਹਨ। ਦੇਸ਼ ਦੀਆਂ ਤਿੰਨ ਵੱਡੀਆਂ ਕਾਰ ਕੰਪਨੀਆਂ ਮਾਰੂਤੀ ਸਜੂਕੀ, ਹੁੰਡਈ ਮੋਟਰ ਅਤੇ ਮਹਿੰਦਰਾ ਐਂਡ ਮਹਿੰਦਰਾ ਨੇ ਆਪਣੀਆਂ ਕਾਰਾਂ ਦੇ ਉਤਪਾਦਨ ’ਚ ਵੱਡੀ ਪੱਧਰ ’ਤੇ ਵਾਧਾ ਕਰਨਾ ਸ਼ੁਰੂ ਕੀਤਾ ਹੈ। ਤਿੰਨਾਂ ਕੰਪਨੀਆਂ ਵਲੋਂ ਆਪਣੀਆਂ-ਆਪਣੀਆਂ ਫੈਕਟਰੀਆਂ ’ਚ ਸ਼ਿਫਟਾਂ ਵਧਾਈਆਂ ਜਾ ਰਹੀਆਂ ਹਨ ਅਤੇ ਕਾਰਾਂ ਤਿਆਰ ਕਰਨ ਲਈ ਵਰਕਰਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ।

ਦੇਸ਼ ਦੇ ਜਿਨ੍ਹਾਂ ਹਿੱਸਿਆਂ ’ਚ ਲਾਕਡਾਊਨ ਖਤਮ ਹੈ, ਉਥੋਂ ਕਾਰਾਂ ਦੀ ਮੰਗ ਵੱਡੀ ਪੱਧਰ ’ਤੇ ਨਿਕਲੀ ਹੈ। ਕਈ ਸ਼ਹਿਰਾਂ ’ਚ ਤਾਂ ਹਾਲਾਤ ਅਜਿਹੇ ਬਣ ਗਏ ਹਨ ਕਿ ਕਾਰਾਂ ਦੀ ਜਿਹੜੀ ਮੰਗ ਫਰਵਰੀ ਅਤੇ ਮਾਰਚ ’ਚ ਸੀ, ਲਗਭਗ ਓਨੀਂ ਹੀ ਹੁਣ ਫਿਰ ਹੋ ਗਈ ਹੈ। ਮਈ ਅਤੇ ਜੂਨ ’ਚ ਪ੍ਰਚੂਨ ਦੀ ਵਿਕਰੀ ’ਚ ਭਾਰੀ ਵਾਧਾ ਹੋਇਆ। ਕਿਸੇ ਹੱਦ ਤੱਕ ਇਹ ਵਾਧਾ ਕੋਰੋਨਾ ਵਾਇਰਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੇ ਮਹੀਨਿਆਂ ਦੇ ਲਗਭਗ ਬਰਾਬਰ ਹੋ ਗਿਆ। ਮੰਗ ’ਚ ਅਚਾਨਕ ਤੇਜ਼ੀ ਆਉਣ ਕਾਰਣ ਉਕਤ ਕਾਰ ਕੰਪਨੀਆਂ ਹੁਣ ਦਿਨ-ਰਾਤ ਕਾਰਾਂ ਬਣਾਉਣ ’ਚ ਰੁਝ ਗਈਆਂ ਹਨ।

ਪਿਛਲੇ ਹਫਤੇ ਮਾਰੂਤੀ ਨੇ ਆਪਣੇ ਗੁੜਗਾਓਂ ਅਤੇ ਮਾਨੇਸਰ ਦੇ ਪਲਾਟਾਂ ’ਚ ਦੂਜੀ ਸ਼ਿਫਟ ਸ਼ੁਰੂ ਕੀਤੀ। ਹੁੰਡਈ ਮੋਟਰ ਇੰਡੀਆ ਜਿਸ ਵਲੋਂ ਪਹਿਲਾਂ ਹੀ 2 ਸ਼ਿਫਟਾਂ ’ਚ ਕੰਮ ਕੀਤਾ ਜਾ ਰਿਹਾ ਸੀ, ਵਲੋਂ ਹੁਣ ਆਉਂਦੇ ਕੁਝ ਦਿਨਾਂ ਦੌਰਾਨ ਤੀਜੀ ਸ਼ਿਫਟ ਵੀ ਸ਼ੁਰੂ ਕੀਤੀ ਜਾਏਗੀ। ਮਾਰੂਤੀ ਵਲੋਂ ਆਪਣੇ ਦੋਹਾਂ ਪਲਾਂਟਾਂ ’ਚ ਇਸ ਸਮੇਂ ਰੋਜ਼ਾਨਾ 10 ਘੰਟੇ ਤੋਂ ਵੱਧ ਇਕ ਸ਼ਿਫਟ ’ਚ ਕੰਮ ਕੀਤਾ ਜਾ ਰਿਹਾ ਹੈ। ਇਹ ਰੁਟੀਨ ਦੇ ਕੰਮ ਤੋਂ ਵੱਖਰਾ ਹੈ।

ਮਾਰੂਤੀ ਸਜੂਕੀ ਵਲੋਂ ਗੁਜਰਾਤ ’ਚ ਵੀ ਆਪਣੀਆਂ ਕਾਰਾਂ ਦਾ ਉਤਪਾਦਨ ਵਧਾਇਆ ਜਾਏਗਾ। ਉਥੇ ਅਗਲੇ ਮਹੀਨੇ ਤੋਂ ਦੂਜੀ ਸ਼ਿਫਟ ਸ਼ੁਰੂ ਕੀਤੀ ਜਾ ਸਕਦੀ ਹੈ। ਉਕਤ ਕਾਰ ਕੰਪਨੀਆਂ ਨਾਲ ਜੁੜੇ ਸੂਤਰਾਂ ਮੁਤਾਬਕ ਮਾਰੂਤੀ ਸਜੂਕੀ ਅਤੇ ਹੁੰਡਈ ਦੀਆਂ ਕਾਰਾਂ ਦੀ ਮੰਗ ’ਚ ਪਿਛਲੇ ਇਕ ਮਹੀਨੇ ਤੋਂ 100 ਫੀਸਦੀ ਵਾਧਾ ਹੋਇਆ ਹੈ। ਹੁੰਡਈ ਅਤੇ ਮਹਿੰਦਰਾ ਕੰਪਨੀਆਂ ਦੀ ਜੁਲਾਈ ’ਚ ਇਕ ਲੱਖ 70 ਹਜ਼ਾਰ ਕਾਰਾਂ ਤਿਆਰ ਕਰਨ ਦਾ ਇਰਾਦਾ ਹੈ। ਇਹ ਪਿਛਲੇ ਇਕ ਮਹੀਨੇ ਦੇ ਉਤਪਾਦਨ ਤੋਂ 40 ਫੀਸਦੀ ਵੱਧ ਹੈ। ਅਗਸਤ ’ਚ ਇਹ ਉਤਪਾਦਨ 2 ਲੱਖ 20 ਹਜ਼ਾਰ ਕਾਰਾਂ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ। ਇਕ ਤਰ੍ਹਾਂ ਨਾਲ ਮਈ ਤੋਂ ਹੁਣ ਤੱਕ ਕਾਰਾਂ ਦੀ ਮੰਗ ’ਚ ਹਰ ਮਹੀਨੇ 25-25 ਫੀਸਦੀ ਦਾ ਵਾਧਾ ਹੋ ਰਿਹਾ ਹੈ।

ਮਾਰੂਤੀ ਵਲੋਂ ਆਪਣੇ ਸਹਿਯੋਗੀ ਭਾਈਵਾਲਾਂ ਨਾਲ ਮਿਲ ਕੇ ਕਾਰਾਂ ਦੇ ਉਤਪਾਦਨ ’ਚ ਵਾਧਾ ਕੀਤਾ ਜਾ ਰਿਹਾ ਹੈ। ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਗੁੜਗਾਓਂ ਅਤੇ ਮਾਨੇਸਰ ਦੇ ਪਲਾਂਟਾਂ ’ਚ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨਾ ਲਈ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਸਭ ਸਟਾਫ ਮੈਂਬਰਾਂ ਦੀ ਸਿਹਤ ’ਤੇ ਕਿਸੇ ਤਰ੍ਹਾਂ ਦਾ ਕੋਈ ਮਾੜਾ ਅਸਰ ਨਾ ਪਵੇ।

ਮਾਰੂਤੀ, ਹੁੰਡਈ ਅਤੇ ਮਹਿੰਦਰਾ ਦੇ ਕੁਝ ਜ਼ਿੰਮੇਵਾਰ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮੰਗ ’ਚ ਸਚਮੁੱਚ ਕਿੰਨਾ ਕੁ ਵਾਧਾ ਹੋਇਆ ਹੈ ਪਰ ਕਿਹਾ ਕਿ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਅਸੀਂ ਲੋਕਾਂ ਦੀ ਮੰਗ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਕ ਐਸੋਸੀਏਟ ਅਧਿਕਾਰੀ ਗੌਰਵ ਨੇ ਦੱਸਿਆ ਕਿ ਸੱਚਾਈ ਇਹ ਹੈ ਕਿ ਪਿੰਡਾਂ ’ਚੋਂ ਕਾਰਾਂ ਦੀ ਮੰਗ ਵੱਡੀ ਪੱਧਰ ’ਤੇ ਆ ਰਹੀ ਹੈ। ਪਿੰਡਾਂ ਦੇ ਲੋਕ ਐੱਸ. ਯੂ. ਵੀ. ਦੀ ਮੰਗ ਬਹੁਤ ਕਰ ਰਹੇ ਹਨ। ਕਾਰ ਉਤਪਾਦਕ ਕੰਪਨੀਆਂ ਨੂੰ ਉਮੀਦ ਹੈ ਕਿ ਕੋਵਿਡ-19 ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਲੇ ਹਾਲਾਤ ਤੇਜ਼ੀ ਨਾਲ ਬਣ ਰਹੇ ਹਨ ਅਤੇ ਲੋਕ ਕਾਰਾਂ ਦੀ ਖਰੀਦ ’ਚ ਭਾਰੀ ਦਿਲਚਸਪੀ ਦਿਖਾ ਰਹੇ ਹਨ। ਅਨੁਮਾਨ ਹੈ ਕਿ ਕਾਰਾਂ ਦੀ ਜੋ ਮੰਗ ਫਰਵਰੀ-ਮਾਰਚ ’ਚ ਸੀ, ਤੋਂ ਕੁਝ ਘੱਟ ਹੀ ਇਸ ਸਮੇਂ ਹੈ।

ਕਾਰ ਕੰਪਨੀਆਂ ਦੇ ਵੱਖ-ਵੱਖ ਸੂਤਰਾਂ ਮੁਤਾਬਕ ਮਾਰੂਤੀ ਵਲੋਂ ਇਸ ਮਹੀਨੇ ਕੁਲ 95000 ਕਾਰਾਂ ਦਾ ਉਤਪਾਦਨ ਕੀਤਾ ਜਾਏਗਾ। ਅਗਸਤ ’ਚ ਇਸ ਨੂੰ ਵਧਾ ਕੇ 1 ਲੱਖ 15 ਹਜ਼ਾਰ ਤੱਕ ਕੀਤਾ ਜਾਏਗਾ। ਕੋਵਿਡ-19 ਦੇ ਆਉਣ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ-ਅਕਤੂਬਰ ’ਚ ਕਾਰਾਂ ਦਾ ਉਤਪਾਦਨ 1 ਲੱਖ 35 ਹਜ਼ਾਰ ਤੋਂ 1 ਲੱਖ 70 ਹਜ਼ਾਰ ਤੱਕ ਸੀ।


Rakesh

Content Editor

Related News