ਬਾਜ਼ਾਰ 'ਚ ਇਸ ਹਫ਼ਤੇ ਘੱਟ ਕਾਰੋਬਾਰੀ ਦਿਨ ਕਾਰਨ ਰਹਿ ਸਕਦੈ UP-ਡਾਊਨ
Monday, Mar 29, 2021 - 02:14 PM (IST)
ਨਵੀਂ ਦਿੱਲੀ- ਛੁੱਟੀਆਂ ਕਾਰਨ ਘੱਟ ਕਾਰੋਬਾਰੀ ਦਿਨ ਵਾਲੇ ਇਸ ਹਫ਼ਤੇ ਵਿਚ ਸ਼ੇਅਰ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। ਮੁੱਖ ਤੌਰ 'ਤੇ ਦੇਸ਼ ਵਿਚ ਕੋਰੋਨਾ ਵਾਇਰਸ ਸਥਿਤੀ ਅਤੇ ਗਲੋਬਲ ਰੁਖ਼ ਕਾਰਨ ਬਾਜ਼ਾਰ ਦੇ ਗਤੀ 'ਤੇ ਅਸਰ ਹੋਵੇਗਾ। ਵਿਸ਼ਲੇਸ਼ਕਾਂ ਨੇ ਇਹ ਗੱਲ ਆਖੀ। ਬਾਜ਼ਾਰ ਸੋਮਵਾਰ ਨੂੰ ਹੋਲੀ ਅਤੇ ਸ਼ੁੱਕਰਵਾਰ ਨੂੰ ਗੁੱਡ ਫ੍ਰਾਈਡੇ ਕਾਰਨ ਬੰਦ ਰਹੇਗਾ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ, ''ਨਿਵੇਸ਼ਕਾਂ ਦੀ ਕੋਰੋਨਾ ਵਾਇਰਸ ਸਥਿਤੀ ਤੇ ਅਮਰੀਕਾ ਵਿਚ ਬਾਂਡ ਯੀਲਡ 'ਤੇ ਨਜ਼ਰ ਰਹੇਗੀ।'' ਪਿਛਲੇ ਹਫ਼ਤੇ ਸੈਂਸੈਕਸ 849.74 ਅੰਕ ਯਾਨੀ 1.7 ਫ਼ੀਸਦੀ ਹੇਠਾਂ ਆਇਆ ਹੈ। ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਬਾਜ਼ਾਰ ਦੀ ਧਾਰਨਾ ਕਮਜ਼ੋਰ ਪਈ।
ਮੋਤੀਲਾਲ ਓਸਵਾਲ ਫਾਈਨੈਂਸ਼ੀਅਨਲ ਸਰਵਿਸਿਜ਼ ਦੇ ਰਿਟੇਲ ਰਿਸਰਚ ਪ੍ਰਮੁੱਖ ਸਿਧਾਰਥ ਖੇਮਕਾ ਨੇ ਕਿਹਾ ਕਿ ਸੋਮਵਾਰ ਨੂੰ ਹੋਲੀ ਕਾਰਨ ਛੁੱਟੀ ਰਹੀ ਤੇ ਸ਼ੁੱਕਰਵਾਰ ਨੂੰ ਗੁੱਡ ਫ੍ਰਾਈਡੇ ਕਾਰਨ ਇਸ ਹਫ਼ਤੇ ਕਾਰੋਬਾਰੀ ਦਿਨ ਘੱਟ ਹੋਵੇਗਾ, ਅਜਿਹੇ ਵਿਚ ਕਾਰੋਬਾਰੀਆਂ ਦੀ ਨਜ਼ਰ ਗਲੋਬਲ ਰੁਖ਼ 'ਤੇ ਹੋਵੇਗੀ।'' ਸੈਮਕੋ ਸਕਿਓਰਿਟੀਜ਼ ਦੀ ਇਕੁਇਟੀ ਰਿਸਰਚ ਪ੍ਰਮੁੱਖ ਨਿਰਾਲੀ ਸ਼ਾਹ ਨੇ ਕਿਹਾ, ''ਇਸ ਹਫ਼ਤੇ ਕੋਈ ਮਹੱਤਵਪੂਰਨ ਅੰਕੜੇ ਜਾਂ ਗਤੀਵਧੀਆਂ ਨਹੀਂ ਹੋਣੀ ਹੈ, ਅਜਿਹੇ ਵਿਚ ਖਾਸਕਰ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।'' ਇਸ ਤੋਂ ਇਲਾਵਾ ਵਾਹਨ ਵਿਕਰੀ ਦੇ ਅੰਕੜੇ ਜਾਰੀ ਹੋਣ ਵਿਚਕਾਰ ਉਨ੍ਹਾਂ ਕੰਪਨੀਆਂ ਦੇ ਸ਼ੇਅਰਾਂ 'ਤੇ ਨਿਵੇਸ਼ਕਾਂ ਦੀ ਨਜ਼ਰ ਹੋਵੇਗੀ। ਉੱਥੇ ਹੀ, ਬਾਜ਼ਾਰ ਦੀ ਸਥਿਰਤਾ ਟੀਕਾਕਰਨ ਦੀ ਗਤੀ ਅਤੇ ਚੌਥੀ ਤਿਮਾਹੀ ਦੇ ਕੰਪਨੀਆਂ ਦੇ ਨਤੀਜਿਆਂ 'ਤੇ ਨਿਰਭਰ ਕਰੇਗੀ।