ਇੰਡੋਨੇਸ਼ੀਆ ਤੋਂ ਭਾਰਤ ਪੁੱਜੀ ਕਈ ਟਨ Gold Jewellery, ਸਰਕਾਰ ਨੇ ਇੰਪੋਰਟ ਨਿਯਮਾਂ ’ਚ ਕੀਤਾ ਬਦਲਾਅ

Sunday, Jul 16, 2023 - 10:29 AM (IST)

ਇੰਡੋਨੇਸ਼ੀਆ ਤੋਂ ਭਾਰਤ ਪੁੱਜੀ ਕਈ ਟਨ Gold Jewellery, ਸਰਕਾਰ ਨੇ ਇੰਪੋਰਟ ਨਿਯਮਾਂ ’ਚ ਕੀਤਾ ਬਦਲਾਅ

ਜਲੰਧਰ (ਇੰਟ.) – ਇੰਡੋਨੇਸ਼ੀਆ ਤੋਂ ਭਾਰਤ ’ਚ ਬਿਨਾਂ ਟੈਕਸ ਦੇ ਪਲੇਨ ਗੋਲਡ ਜਿਊਲਰੀ ਦੇ ਰੂਪ ’ਚ ਪਹੁੰਚ ਰਹੇ ਸੋਨੇ ’ਤੇ ਰੋਕ ਲਾਉਣ ਲਈ ਭਾਰਤ ਸਰਕਾਰ ਨੇ ਇਸ ਦੇ ਇੰਪੋਰਟ ਨਿਯਮਾਂ ’ਚ ਬਦਲਾਅ ਦਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਸੋਨੇ ਦੇ ਕੁੱਝ ਗਹਿਣਿਆਂ ਅਤੇ ਹੋਰ ਸਾਮਾਨ ਦੇ ਇੰਪੋਰਟ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਕੁੱਝ ਗੈਰ-ਜ਼ਰੂਰੀ ਚੀਜ਼ਾਂ ਦੇ ਇੰਪੋਰਟ ’ਤੇ ਰੋਕ ਲਾਉਣ ’ਚ ਮਦਦ ਮਿਲੇਗੀ।

ਹੁਣ ਇੰਪੋਰਟਰਾਂ ਨੂੰ ਇਨ੍ਹਾਂ ਗੋਲਡ ਪ੍ਰੋਡਕਟਸ ਦੇ ਇੰਪੋਰਟ ਲਈ ਸਰਕਾਰ ਤੋਂ ਲਾਈਸੈਂਸ ਦੀ ਮਨਜ਼ੂਰੀ ਲੈਣੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਇੰਡੋਨੇਸ਼ੀਆ ਤੋਂ ਬਿਨਾਂ ਟੈਕਸ ਦੇ ਟਨਾਂ ਦੇ ਹਿਸਾਬ ਨਾਲ ਗੋਲਡ ਜਿਊਲਰੀ ਭਾਰਤ ਪੁੱਜੀ ਹੈ।

ਇਹ ਵੀ ਪੜ੍ਹੋ : ਦੁਨੀਆ ਭਰ ’ਚ ਵਧੀ ਚਾਂਦੀ ਦੀ ਮੰਗ, ਇਸ ਕਾਰਨ ਗਲੋਬਲ ਸਿਲਵਰ ਸਟੋਰੇਜ ਦਾ 85-98 ਫੀਸਦੀ ਹੋ ਸਕਦੈ ਖ਼ਤਮ

ਭਾਰਤ ਅਤੇ UAE ਟਰੇਡ ’ਤੇ ਨਹੀਂ ਲਾਗੂ ਹੋਣਗੇ ਨਿਯਮ

ਹਾਲਾਂਕਿ ਡੀ. ਜੀ. ਐੱਫ. ਟੀ. ਨੇ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀਆਂ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਰਮਿਆਨ ਲਾਗੂ ਫ੍ਰੀ ਟ੍ਰੇਡ ਐਗਰੀਮੈਂਟ (ਐੱਫ. ਟੀ. ਏ.) ਦੇ ਤਹਿਤ ਹੋਣ ਵਾਲੇ ਇੰਪੋਰਟ ’ਤੇ ਲਾਗੂ ਨਹੀਂ ਹੋਣਗੀਆਂ। ਕਿਹਾ ਜਾ ਰਿਹਾ ਹੈ ਕਿ ਨਿਯਮਾਂ ’ਚ ਬਦਲਾਅ ਦਾ ਕਾਰਣ ਇਹ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਇੰਡੋਨੇਸ਼ੀਆ ਤੋਂ ਪਲੇਨ ਗੋਲਡ ਜਿਊਲਰੀ ਨੂੰ ਲਿਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਲਈ ਕੋਈ ਇੰਪੋਰਟ ਡਿਊਟੀ ਵੀ ਨਹੀਂ ਦਿੱਤੀ ਜਾ ਰਹੀ ਸੀ। ਮੁੰਬਈ ਦੇ ਇਕ ਡੀਲਰ ਦਾ ਕਹਿਣਾ ਹੈ ਕਿ ਇੰਡੋਨੇਸ਼ੀਆ ਕਦੀ ਵੀ ਭਾਰਤ ਲਈ ਸੋਨੇ ਦੇ ਗਹਿਣਿਆਂ ਦਾ ਇੰਪੋਰਟਰ ਨਹੀਂ ਰਿਹਾ ਹੈ ਪਰ ਪਿਛਲੇ ਕੁੱਝ ਮਹੀਨਿਆਂ ਤੋਂ ਇੰਪੋਰਟਰਾਂ ਨੇ 3-4 ਟਨ ਸੋਨਾ ਇੰਡੋਨੇਸ਼ੀਆ ਤੋਂ ਇੰਪੋਰਟ ਕੀਤਾ ਸੀ ਅਤੇ ਇਸ ਲਈ ਕੋਈ ਟੈਕਸ ਵੀ ਨਹੀਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਮਈ ’ਚ ਮੋਤੀ ਅਤੇ ਕੀਮਤੀ ਹੀਰਿਆਂ ਦਾ ਇੰਪੋਰਟ 25.36 ਫੀਸਦੀ ਘਟ ਕੇ ਚਾਰ ਅਰਬ ਡਾਲਰ ’ਤੇ ਆ ਗਿਆ ਹੈ। ਇਸ ਦੌਰਾਨ ਸੋਨੇ ਦਾ ਇੰਪੋਰਟ ਵੀ 40 ਫੀਸਦੀ ਘਟ ਕੇ 4.7 ਅਰਬ ਡਾਲਰ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ’ਚ ਸੋਨੇ ਦੇ ਇੰਪੋਰਟ ’ਤੇ 15 ਫੀਸਦੀ ਟੈਕਸ ਵਸੂਲਿਆ ਜਾਂਦਾ ਹੈ।

ਇਹ ਵੀ ਪੜ੍ਹੋ : WHO ਨੇ Artificial sweetener ਦੀ ਵਰਤੋਂ ਨੂੰ ਲੈ ਕੇ ਜਾਰੀ ਕੀਤੀ ਰਿਪੋਰਟ

ਗੋਲਡ ਜਿਊਲਰੀ ਨੂੰ ਫ੍ਰੀ ਟਰੇਡ ਲਿਸਟ ਤੋਂ ਹਟਾਇਆ

ਇਕ ਰਿਪੋਰਟ ਮੁਤਾਬਕ ਦੁਨੀਆ ’ਚ ਕੀਮਤੀ ਮੈਟਲਸ ਦੀ ਖਪਤ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਦੇਸ਼ ਭਾਰਤ ਹੈ। ਦੇਸ਼ ਆਪਣੀ ਟ੍ਰੇਡ ਪਾਲਿਸੀ ਵਿਚ ਕੁੱਝ ਖਾਮੀਆਂ ਨੂੰ ਦੂਰ ਕਰਨ ਲਈ ਇਨ੍ਹਾਂ ਨਿਯਮਾਂ ਨੂੰ ਲੈ ਕੇ ਆਇਆ ਹੈ। ਵਪਾਰ ਅਤੇ ਉਦਯੋਗ ਮੰਤਰਾਲਾ ਨੇ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟਰੇਡ (ਡੀ. ਜੀ. ਐੱਫ. ਟੀ.) ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਗਹਿਣਿਆਂ ਅਤੇ ਹੋਰ ਸਾਮਾਨ ਦੇ ਇੰਪੋਰਟ ਦੀ ਪਾਲਿਸੀ ਨੂੰ ਤੁਰੰਤ ਪ੍ਰਭਾਵ ਨਾਲ ਸੋਧ ਕੇ ਫ੍ਰੀ ਟ੍ਰੇਡ ਤੋਂ ਪਾਬੰਦੀਸ਼ੁਦਾ ਦੀ ਸ਼੍ਰੇਣੀ ’ਚ ਪਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ’ਚ ਹੈ ਗਿਲਗਿਤ-ਬਾਲਟਿਸਤਾਨ! ਟਵਿੱਟਰ ਦਾ ਪਾਕਿਸਤਾਨ ਨੂੰ ਝਟਕਾ

ਕੀ ਕਹਿੰਦੇ ਹਨ ਜਾਣਕਾਰ

ਇਕ ਮੀਡੀਆ ਰਿਪੋਰਟ ’ਚ ਕਾਮਾ ਜਿਊਲਰੀ ਦੇ ਮੈਨੇਜਿੰਗ ਡਾਇਰੈਕਟਰ ਕੋਲਿਨ ਸ਼ਾਹ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਰਕਾਰ ਨੇ ਕੁੱਝ ਖਾਸ ਸ਼ਰਤਾਂ ਨਾਲ ਇੰਪੋਰਟ ਨੂੰ ਘੱਟ ਕੀਤਾ ਹੈ। ਸੋਨੇ ਦੇ ਇੰਪੋਰਟ ਦੇ ਵਧਣ ਨਾਲ ਵਪਾਰ ਘਾਟੇ ’ਤੇ ਨਾਂਹਪੱਖੀ ਅਸਰ ਹੁੰਦਾ ਹੈ। ਤਾਜ਼ਾ ਟ੍ਰੇਡ ਜੋ ਕਿ 22 ਅਰਬ ਡਾਲਰ ਦਾ ਰਿਹਾ, ਉਹ ਪਿਛਲੇ 5 ਮਹੀਨਿਆਂ ’ਚ ਸਭ ਤੋਂ ਵੱਧ ਸੀ। ਸੋਨੇ ਦੇ ਇੰਪੋਰਟ ਨੂੰ ਘਟਾਉਣ ਨਾਲ ਵਪਾਰ ਘਾਟੇ ’ਚ ਸੰਤੁਲਨ ਬਣਾਉਣ ’ਚ ਮਦਦ ਮਿਲੇਗੀ। ਜ਼ਿਆਦਾ ਗੋਲਡ ਇੰਪੋਰਟ ਕਰਨ ਨਾਲ ਰੁਪਏ ਦੀ ਚਾਲ ’ਤੇ ਵੀ ਅਸਰ ਦੇਖਿਆ ਜਾਂਦਾ ਹੈ। ਸੰਯੁਕਤ ਅਰਬ ਅਮੀਰਾਤ ਤੋਂ ਹੋਣ ਵਾਲੇ ਇੰਪੋਰਟ ਨੂੰ ਸਮਝੌਤੇ ਮੁਤਾਬਕ ਮਨਜ਼ੂਰੀ ਮਿਲੀ ਹੋਈ ਹੈ, ਜਿਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ’ਚ ਬਿਹਤਰ ਸੁਧਾਰ ਦੇਖਿਆ ਜਾ ਸਕੇ। ਹਾਲਾਂਕਿ ਕੁੱਝ ਸਮੇਂ ਤੋਂ ਯੂ. ਏ. ਈ. ਤੋਂ ਸਮਝੌਤਾ ਹੋਣ ਦੇ ਬਾਵਜੂਦ ਸੋਨੇ ਦਾ ਇੰਪੋਰਟ ਨਿਰਾਸ਼ਾਜਨਕ ਰਿਹਾ ਹੈ। ਸਰਕਾਰ ਮੈਕਰੋ ਇਕਨਾਮਿਕ ਅੰਕੜਿਆਂ ’ਚ ਸੰਤੁਲਨ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ।

ਇਹ ਵੀ ਪੜ੍ਹੋ : ਜੇਕਰ ਬਰਸਾਤ ਦੇ ਪਾਣੀ 'ਚ ਡੁੱਬ ਜਾਵੇ ਤੁਹਾਡਾ ਵਾਹਨ, ਤਾਂ ਬੀਮਾ ਕਵਰ ਲੈਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News