ਪਹਿਲੀ ਅਪ੍ਰੈਲ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਜਲਦ ਨਿਪਟਾ ਲਓ ਇਹ ਜ਼ਰੂਰੀ ਕੰਮ

03/13/2023 10:42:13 PM

ਨੈਸ਼ਨਲ ਡੈਸਕ : ਵਿੱਤੀ ਸਾਲ 2023 ਖ਼ਤਮ ਹੋਣ ਜਾ ਰਿਹਾ ਹੈ। ਇਸ ਮਹੀਨੇ ਯਾਨੀ ਮਾਰਚ ਇਸ ਵਿੱਤੀ ਸਾਲ ਦਾ ਆਖਰੀ ਮਹੀਨਾ ਹੈ। ਇਹ ਮਹੀਨਾ ਹਰ ਖੇਤਰ ਲਈ ਬਹੁਤ ਮਹੱਤਵਪੂਰਨ ਹੈ। ਤੁਹਾਨੂੰ ਵਿੱਤੀ ਸਾਲ ਦੇ ਆਖਰੀ ਮਹੀਨੇ ਵਿੱਚ ਕਈ ਮਹੱਤਵਪੂਰਨ ਕੰਮਾਂ ਨੂੰ ਨਿਪਟਾਉਣਾ ਹੋਵੇਗਾ, ਕਿਉਂਕਿ ਨਵੇਂ ਵਿੱਤੀ ਸਾਲ 'ਚ ਕਈ ਨਿਯਮ ਬਦਲੇ ਜਾਣਗੇ। ਇਸ ਲਈ ਜੇਕਰ ਕੋਈ ਜ਼ਰੂਰੀ ਕੰਮ ਅਟਕ ਗਿਆ ਹੈ ਤਾਂ 31 ਮਾਰਚ ਤੋਂ ਪਹਿਲਾਂ ਉਸ ਨੂੰ ਤੁਰੰਤ ਪੂਰਾ ਕਰ ਲਓ, ਕਿਉਂਕਿ ਜੇਕਰ ਤੁਸੀਂ ਇਨ੍ਹਾਂ ਜ਼ਰੂਰੀ ਕੰਮਾਂ ਨੂੰ ਸਮੇਂ ਸਿਰ ਨਹੀਂ ਨਿਪਟਾਇਆ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਰ ਮਹੀਨੇ ਦੀ ਸ਼ੁਰੂਆਤ ਦੀ ਤਰ੍ਹਾਂ ਅਪ੍ਰੈਲ 'ਚ ਵੀ ਕਈ ਨਵੇਂ ਨਿਯਮ (1 ਅਪ੍ਰੈਲ 2023 ਤੋਂ ਨਵੇਂ ਨਿਯਮ) ਲਾਗੂ ਹੋਣ ਜਾ ਰਹੇ ਹਨ। ਤੁਹਾਡੇ ਲਈ 1 ਅਪ੍ਰੈਲ ਤੋਂ ਹੋਣ ਜਾ ਰਹੇ ਇਨ੍ਹਾਂ ਬਦਲਾਅ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।
ਪਹਿਲੀ ਅਪ੍ਰੈਲ 2023 ਤੋਂ ਹੋਣ ਜਾ ਰਹੇ ਬਦਲਾਅ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਜੇਕਰ ਤੁਸੀਂ ਇਹਨਾਂ ਤਬਦੀਲੀਆਂ ਤੋਂ ਜਾਣੂ ਹੋ, ਤਾਂ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਆਪਣਾ ਕੰਮ ਸਮੇਂ ਸਿਰ ਪੂਰਾ ਕਰ ਸਕਦੇ ਹੋ। ਅਗਲੇ ਮਹੀਨੇ ਹੋਣ ਵਾਲੇ ਬਦਲਾਅ 'ਚ ਗੈਸ ਸਿਲੰਡਰ ਦੀਆਂ ਕੀਮਤਾਂ, ਬੈਂਕ ਛੁੱਟੀਆਂ, ਆਧਾਰ-ਪੈਨ ਲਿੰਕ ਸਮੇਤ ਕਈ ਚੀਜ਼ਾਂ ਸ਼ਾਮਲ ਹਨ। ਇਹ ਬਦਲਾਅ ਤੁਹਾਡੇ ਬਜਟ ਨੂੰ ਵਿਗਾੜ ਸਕਦੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਰੋਜ਼ਾਨਾ ਜ਼ਿੰਦਗੀ 'ਤੇ ਪਵੇਗਾ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ

ਵਧ ਸਕਦੀਆਂ ਹਨ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ 
ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪੈਟਰੋਲ-ਡੀਜ਼ਲ ਤੇ ਗੈਸ ਸਿਲੰਡਰ ਦੇ ਨਵੇਂ ਰੇਟ ਜਾਰੀ ਕਰਦੀਆਂ ਹਨ। ਮਾਰਚ ਵਿੱਚ ਐਲ.ਪੀ.ਜੀ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 350 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅਗਲੇ ਮਹੀਨੇ ਇੱਕ ਵਾਰ ਫਿਰ ਗੈਸ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ।

ਅਪ੍ਰੈਲ ਵਿੱਚ ਇੰਨੇ ਦਿਨ ਬੰਦ ਰਹਿਣਗੇ ਬੈਂਕ
ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਅਪ੍ਰੈਲ 2023 ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਅਨੁਸਾਰ ਅਪ੍ਰੈਲ 2023 ਵਿੱਚ ਕੁੱਲ 15 ਦਿਨ ਬੈਂਕ ਬੰਦ ਰਹਿਣਗੇ। ਅਗਲੇ ਮਹੀਨੇ ਵੱਖ-ਵੱਖ ਰਾਜਾਂ ਵਿੱਚ ਹਫ਼ਤਾਵਾਰੀ ਛੁੱਟੀਆਂ ਅਤੇ ਤਿਉਹਾਰਾਂ ਕਾਰਨ 15 ਦਿਨਾਂ ਲਈ ਬੈਂਕਾਂ ਵਿੱਚ ਛੁੱਟੀਆਂ ਹੋਣਗੀਆਂ। ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੋਵੇ ਤਾਂ ਜਲਦੀ ਤੋਂ ਜਲਦੀ ਨਿਪਟਾਓ, ਜੇਕਰ ਬੈਂਕਾਂ ਦੀਆਂ ਛੁੱਟੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਤੁਸੀਂ ਇਹ ਜ਼ਰੂਰੀ ਕੰਮ ਨਹੀਂ ਕਰ ਸਕੋਗੇ।

31 ਮਾਰਚ ਤੋਂ ਪਹਿਲਾਂ ਪੈਨ-ਆਧਾਰ ਨੂੰ ਲਿੰਕ ਕਰਨਾ ਲਾਜ਼ਮੀ
ਜੇਕਰ ਤੁਹਾਡਾ ਪੈਨ ਕਾਰਡ ਅਜੇ ਤੱਕ ਆਧਾਰ ਨਾਲ ਲਿੰਕ ਨਹੀਂ ਹੋਇਆ ਹੈ ਤਾਂ ਤੁਰੰਤ ਕਰ ਲਓ, ਕਿਉਂਕਿ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ 31 ਮਾਰਚ 2023 ਹੈ। ਇਸ ਲਈ, 31 ਮਾਰਚ ਤੋਂ ਪਹਿਲਾਂ, ਜੇਕਰ ਤੁਸੀਂ ਆਪਣੇ ਪੈਨ ਕਾਰਡ ਨੂੰ ਆਧਾਰ (ਪੈਨ ਆਧਾਰ ਲਿੰਕ) ਨਾਲ ਲਿੰਕ ਨਹੀਂ ਕਰਦੇ ਤਾਂ ਤੁਹਾਡਾ ਪੈਨ ਕਾਰਡ ਅਕਿਰਿਆਸ਼ੀਲ ਹੋ ਜਾਵੇਗਾ। ਅਜਿਹਾ ਹੋਣ 'ਤੇ ਤੁਹਾਡਾ ਜ਼ਰੂਰੀ ਕੰਮ ਅਟਕ ਸਕਦਾ ਹੈ।

ਸੋਨੇ ਦੇ ਗਹਿਣਿਆਂ ਦੀ ਵਿਕਰੀ ਲਈ ਨਿਯਮਾਂ ਵਿੱਚ ਬਦਲਾਅ
ਸੋਨਾ ਖਰੀਦਣ ਵਾਲਿਆਂ ਲਈ ਅਗਲਾ ਮਹੀਨਾ ਵੀ ਮਹੱਤਵਪੂਰਨ ਹੈ। ਖਪਤਕਾਰ ਮੰਤਰਾਲਾ 1 ਅਪ੍ਰੈਲ ਤੋਂ ਸੋਨੇ ਦੇ ਗਹਿਣਿਆਂ ਦੀ ਵਿਕਰੀ ਲਈ ਨਿਯਮਾਂ 'ਚ ਬਦਲਾਅ ਕਰ ਰਿਹਾ ਹੈ। ਨਵੇਂ ਨਿਯਮ ਮੁਤਾਬਕ 31 ਮਾਰਚ 2023 ਤੋਂ ਬਾਅਦ ਚਾਰ ਅੰਕਾਂ ਵਾਲੇ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ (HUID) ਵਾਲੇ ਗਹਿਣੇ ਨਹੀਂ ਵੇਚੇ ਜਾ ਸਕਦੇ ਹਨ। 1 ਅਪ੍ਰੈਲ, 2023 ਤੋਂ, ਸਿਰਫ ਛੇ ਅੰਕਾਂ ਵਾਲੇ ਹਾਲਮਾਰਕ ਵਾਲੇ ਗਹਿਣੇ ਵੇਚੇ ਜਾਣਗੇ।


Mandeep Singh

Content Editor

Related News