ਭਾਰਤ ਤੋਂ ਕੋਵੀਸ਼ੀਲਡ ਪ੍ਰਾਪਤ ਕਰਨ ਵਾਲਾ ਪਹਿਲਾ ਦੇਸ਼ ਹੋਵੇਗਾ ਮਾਲਦੀਵ
Tuesday, Jan 19, 2021 - 09:10 PM (IST)
ਨਵੀਂ ਦਿੱਲੀ- ਕੋਰੋਨਾ ਦੀ ਵੈਕਸੀਨ ਕੋਵੀਸ਼ੀਲਡ ਦੀ ਪਹਿਲੀ ਖੇਪ ਬੁੱਧਵਾਰ ਨੂੰ ਭਾਰਤ ਤੋਂ ਮਾਲਦੀਵ ਪਹੁੰਚੇਗੀ। ਮਾਲਦੀਵ ਪਹਿਲਾ ਦੇਸ਼ ਹੈ ਜਿਸ ਨੂੰ ਇਹ ਟੀਕਾ ਭੇਜਿਆ ਜਾ ਰਿਹਾ ਹੈ। ਭਾਰਤ ਨੇ ਆਪਣੇ ਗੁਆਂਢੀਆਂ ਭੂਟਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਅਫਗਾਨਿਸਤਾਨ ਅਤੇ ਮੌਰਸ਼ਿਸ ਨੂੰ ਵੀ ਟੀਕੇ ਦੇਣ ਦੀ ਯੋਜਨਾ ਬਣਾਈ ਹੈ। ਦੱਖਣੀ ਏਸ਼ੀਆਈ ਦੇਸ਼ ਮਾਲਦੀਵ ਦੀ ਆਬਾਦੀ ਲਗਭਗ 45 ਲੱਖ ਹੈ।
ਸਰਕਾਰੀ ਸੂਤਰਾਂ ਅਨੁਸਾਰ ਕੋਵੀਸ਼ੀਲਡ ਨੂੰ ਮਾਲਦੀਵ ਵਿਚ ਰੈਗੂਲੇਟਰੀ ਦੀ ਮਨਜ਼ੂਰੀ ਤੋਂ ਲੈ ਕੇ ਦੂਜੀਆਂ ਜ਼ਰੂਰੀ ਮਨਜ਼ੂਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਕੋਵੀਸ਼ੀਲਡ ਟੀਕੇ ਦੀਆਂ ਖੁਰਾਕਾਂ ਫਰੰਟਲਾਈਨ ਸਿਹਤ ਕਰਮਚਾਰੀਆਂ ਅਤੇ ਬਜ਼ੁਰਗ ਨਾਗਰਿਕਾਂ ਲਈ ਕਾਫ਼ੀ ਮਾਤਰਾ ਵਿਚ ਭੇਜੀਆਂ ਜਾ ਰਹੀਆਂ ਹਨ। ਇਹ ਖੇਪ ਦੁਪਹਿਰ 2 ਵਜੇ ਮਾਲੇ ਦੇ ਵੇਲਾਣਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਉਡਾਣ ਰਾਹੀਂ ਪਹੁੰਚੇਗੀ।
ਭਾਰਤੀ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਕਈ ਗੁਆਂਢੀ ਅਤੇ ਵਿਸ਼ੇਸ਼ ਤੌਰ 'ਤੇ ਸਹਿਯੋਗੀ ਦੇਸ਼ਾਂ ਨੇ ਭਾਰਤ ਵਿਚ ਬਣੇ ਟੀਕੇ ਦੀ ਸਪਲਾਈ ਕਰਨ ਦੀ ਬੇਨਤੀ ਕੀਤੀ ਹੈ। ਇਸ ਤਹਿਤ 20 ਜਨਵਰੀ ਤੋਂ ਭੂਟਾਨ, ਮਾਲਦੀਵਜ਼, ਬੰਗਲਾਦੇਸ਼, ਨੇਪਾਲ, ਮਿਆਂਮਾਰ ਅਤੇ ਸੈਸ਼ਲਜ਼ ਨੂੰ ਟੀਕੇ ਦੀ ਸਪਲਾਈ ਸ਼ੁਰੂ ਕੀਤੀ ਜਾਏਗੀ। ਅਸੀਂ ਸ੍ਰੀਲੰਕਾ ਅਤੇ ਅਫਗਾਨਿਸਤਾਨ ਤੋਂ ਵੀ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਾਂ।