ਭਾਰਤ ਨੂੰ ਤੇਵਰ ਦਿਖਾ ਕੇ ਬੁਰਾ ਫਸਿਆ ਮਲੇਸ਼ੀਆ, ਬੰਦਰਗਾਹਾਂ ’ਤੇ ਰੁਕਿਆ ਹਜ਼ਾਰਾਂ ਟਨ ਪਾਮ ਆਇਲ
Wednesday, Jan 22, 2020 - 11:16 AM (IST)

ਨਵੀਂ ਦਿੱਲੀ — ਕਸ਼ਮੀਰ ਅਤੇ ਨਾਗਰਿਕਤਾ ਕਾਨੂੰਨ ’ਤੇ ਭਾਰਤ ਨੂੰ ਤੇਵਰ ਦਿਖਾਉਣ ’ਤੇ ਮਲੇਸ਼ੀਆ ਬੁਰੀ ਤਰ੍ਹਾਂ ਫਸ ਗਿਆ ਹੈ। ਖੁਰਾਕੀ ਤੇਲ ਦੇ ਦੁਨੀਆ ਦੇ ਸਭ ਤੋਂ ਵੱਡੇ ਖਰੀਦਦਾਰ ਭਾਰਤ ਵੱਲੋਂ ਦਰਾਮਦ ’ਤੇ ਰੋਕ ਲਾਏ ਜਾਣ ਤੋਂ ਬਾਅਦ ਹਜ਼ਾਰਾਂ ਟਨ ਰਿਫਾਈਂਡ ਪਾਮ ਆਇਲ ਦੇਸ਼ ਦੀਆਂ ਵੱਖ-ਵੱਖ ਬੰਦਰਗਾਹਾਂ ’ਤੇ ਰੁਕਿਆ ਹੋਇਆ ਹੈ ਜਾਂ ਉਸ ਦੀ ਢੁਆਈ ’ਚ ਦੇਰੀ ਹੋ ਰਹੀ ਹੈ। ਪ੍ਰਮੁੱਖ ਸਪਲਾਈਕਰਤਾ ਮਲੇਸ਼ੀਆ ਨਾਲ ਕੂਟਨੀਤਕ ਵਿਵਾਦ ਕਾਰਣ ਇਹ ਰੋਕ ਲਾਈ ਗਈ ਸੀ।
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਉਦਯੋਗ ਦੇ ਇਕ ਅਧਿਕਾਰੀ ਅਨੁਸਾਰ ਘਰੇਲੂ ਰਿਫਾਈਨਰਾਂ ਦੀ ਮਦਦ ਲਈ ਉਨ੍ਹਾਂ ਦੇ ਪਲਾਂਟਾਂ ਦੀ ਸਮਰੱਥਾ ਦਰ ਵਧਾਉਣ ਖਾਤਿਰ ਭਾਰਤ ਨੇ 8 ਜਨਵਰੀ ਨੂੰ ਰਿਫਾਈਂਡ ਪਾਮ ਆਇਲ ਦਰਾਮਦ ’ਤੇ ਰੋਕ ਲਾਉਣ ਦਾ ਐਲਾਨ ਕੀਤਾ ਸੀ। ਆਮ ਤੌਰ ’ਤੇ ਭਾਰਤ ਸਾਬਣ ਤੋਂ ਲੈ ਕੇ ਬਿਸਕੁਟ ਤੱਕ ਹਰ ਚੀਜ਼ ’ਚ ਇਸਤੇਮਾਲ ਕੀਤੇ ਜਾਣ ਵਾਲੇ ਬਨਸਪਤੀ ਤੇਲ ਦੀ ਆਪਣੀ ਲਗਭਗ ਪੂਰੀ ਸਪਲਾਈ ਲਈ ਦਰਾਮਦ ’ਤੇ ਨਿਰਭਰ ਰਹਿੰਦਾ ਹੈ।
ਰਿਫਾਈਨੀਟਿਵ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਪਾਮ ਆਇਲ ਉਤਪਾਦਕ ਅਤੇ ਬਰਾਮਦਕਾਰ ਦੇਸ਼ ਮਲੇਸ਼ੀਆ ਨੇ ਜਨਤਕ ਤੌਰ ’ਤੇ ਭਾਰਤ ਦੇ ਕਦਮ ਦਾ ਵਿਰੋਧ ਕੀਤਾ ਸੀ। ਦੂਜੇ ਪਾਸੇ ਭਾਰਤ ਨੇ ਇੰਡੋਨੇਸ਼ੀਆ ਤੋਂ ਦਰਾਮਦ ਲਈ ਆਰਡਰ ਵਧਾ ਦਿੱਤੇ ਹਨ। ਪਿਛਲੇ 5 ਸਾਲਾਂ ਤੋਂ ਭਾਰਤ ਮਲੇਸ਼ੀਆ ਦਾ ਸਭ ਤੋਂ ਵੱਡਾ ਬਾਜ਼ਾਰ ਰਿਹਾ ਹੈ ਅਤੇ ਇਸ ਵਿਵਾਦ ਨਾਲ ਮਲੇਸ਼ੀਆ ਦੇ ਬੈਂਚਮਾਰਕ ਪਾਮ ਦੇ ਵਾਅਦੇ ਭਾਅ ’ਚ ਸ਼ੁੱਕਰਵਾਰ ਨੂੰ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ ਆਈ ਅਤੇ ਇਹ ਪਿਛਲੇ 11 ਸਾਲਾਂ ਤੋਂ ਵੀ ਜ਼ਿਆਦਾ ਮਿਆਦ ਦੌਰਾਨ ਸਭ ਤੋਂ ਖਰਾਬ ਹਫਤਾ ਰਿਹਾ।
30,000 ਟਨ ਤੋਂ ਵੱਧ ਰਿਫਾਈਂਡ ਤੇਲ ਰੁਕਿਆ
ਮੁੰਬਈ ਦੇ ਬਨਸਪਤੀ ਤੇਲ ਦੇ ਇਕ ਕਾਰੋਬਾਰੀ ਨੇ ਕੰਪਨੀ ਦੀਆਂ ਨੀਤੀਆਂ ਦਾ ਹਵਾਲਾ ਦਿੰਦੇ ਹੋਏ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਕਿਹਾ ਕਿ 30,000 ਟਨ ਤੋਂ ਵੱਧ ਰਿਫਾਈਂਡ ਤੇਲ ਦੇਸ਼ ਦੀਆਂ ਵੱਖ-ਵੱਖ ਬੰਦਰਗਾਹਾਂ ’ਤੇ ਰੁਕਿਆ ਹੋਇਆ ਹੈ। ਇਨ੍ਹਾਂ ਸਭ ਜਹਾਜ਼ਾਂ ’ਤੇ ਲੱਦਾਈ ਸਰਕਾਰ ਵੱਲੋਂ ਰਿਫਾਈਂਡ ਪਾਮ ਆਇਲ ਦਰਾਮਦ ’ਤੇ ਰੋਕ ਲਾਏ ਜਾਣ ਤੋਂ ਪਹਿਲਾਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਕਸਟਮ ਡਿਊਟੀ ਅਧਿਕਾਰੀ ਉਨ੍ਹਾਂ ਜਿਣਸਾਂ ਨੂੰ ਉਤਾਰਨ ਦੀ ਮਨਜ਼ੂਰੀ ਦੇ ਦਿੰਦੇ ਹਨ, ਜੋ ਨਿਯਮਾਂ ’ਚ ਕਿਸੇ ਵੀ ਬਦਲਾਅ ਤੋਂ ਪਹਿਲਾਂ ਰਸਤੇ ’ਚ ਹੁੰਦੀਆਂ ਹਨ ਪਰ ਰਿਫਾਈਂਡ ਪਾਮ ਆਇਲ ਦੇ ਮਾਮਲੇ ’ਚ ਕੁਝ ਦੁਬਿਧਾ ਹੈ ਅਤੇ ਇਸ ਤੋਂ ਦੇਰੀ ਹੋ ਰਹੀ ਹੈ।
ਜਵਾਬੀ ਕਦਮ ਨਹੀਂ ਉਠਾਏਗਾ ਮਲੇਸ਼ੀਆ
ਮਲੇਸ਼ੀਆ ਪਾਮ ਆਇਲ ਦੀ ਖਰੀਦ ਦਾ ਭਾਰਤ ਵੱਲੋਂ ਬਾਈਕਾਟ ਕੀਤੇ ਜਾਣ ਦੇ ਮਾਮਲੇ ’ਚ ਉਸ ਖਿਲਾਫ ਜਵਾਬੀ ਕਾਰਵਾਈ ਨਹੀਂ ਕਰੇਗਾ। ਪ੍ਰਧਾਨ ਮੰਤਰੀ ਮਹਾਤੀਰ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇੰਨਾ ਛੋਟਾ ਹੈ ਕਿ ਉਹ ਅਜਿਹਾ ਕਰਨ ਦੀ ਸਥਿਤੀ ’ਚ ਨਹੀਂ ਹਨ। ਮਹਾਤੀਰ ਨੇ ਲੈਂਗਕਾਵੀ ’ਚ ਕਿਹਾ ਕਿ ਇਸ ਨਾਲ ਨਜਿੱਠਣ ਲਈ ਸਾਨੂੰ ਰਸਤੇ ਅਤੇ ਉਪਾਅ ਲੱਭਣੇ ਹੋਣਗੇ।