PM ਉੱਜਵਲਾ ਯੋਜਨਾ ''ਚ ਹੋ ਰਹੀ ਵੱਡੀ ਗੜਬੜ, ਸਿਲੰਡਰ ਖਰੀਦੇ ਬਗੈਰ ਖਾਤੇ ''ਚ ਆ ਰਹੀ ਸਬਸਿਡੀ

12/12/2019 4:19:50 PM

ਨਵੀਂ ਦਿੱਲੀ — ਸਰਕਾਰੀ ਤੇਲ ਮਾਰਕੀਟਿੰਗ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (HPCL) ਨੇ ਪ੍ਰਧਾਨ ਉਜਵਲਾ ਯੋਜਨਾ (PMUY) ਤਹਿਤ ਵਿਹਲੇ ਐਲਪੀਜੀ ਕੁਨੈਕਸ਼ਨਾਂ ਦੀ ਆਟੋ ਬੁਕਿੰਗ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਐਲਪੀਜੀ ਸਿਲੰਡਰ ਦੀ ਘੱਟ ਬੁਕਿੰਗ ਕਾਰਨ ਕੰਪਨੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਉਦਯੋਗਿਕ ਸੂਤਰਾਂ ਮੁਤਾਬਕ ਐਚਪੀਸੀਐਲ ਨੇ PMUY ਦੇ ਘੱਟੋ ਘੱਟ 25 ਫੀਸਦੀ ਖਪਤਕਾਰÎਾਂ ਦੇ ਪਹਿਲੇ ਸਿਲੰਡਰ ਦੀ ਆਟੋ ਬੁਕਿੰਗ ਕਰ ਦਿੱਤੀ ਹੈ। ਇਸ ਤਰ੍ਹਾਂ ਤਕਰੀਬਨ 50 ਲੱਖ ਕੁਨੈਕਸ਼ਨਾਂ ਲਈ ਆਟੋ-ਬੁਕਿੰਗ ਕੀਤੀ ਗਈ ਹੈ। PMUY ਦੇ ਤਹਿਤ 8.03 ਕਰੋੜ ਗਰੀਬ ਪਰਿਵਾਰਾਂ ਨੂੰ ਮੁਫਤ LPG ਕੁਨੈਕਸ਼ਨ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 2 ਕਰੋੜ ਤੋਂ ਵੱਧ ਖਪਤਕਾਰ HPCL ਦੇ ਹਨ।

ਇਕ ਅਧਿਕਾਰਤ ਸੂਤਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਟੋ-ਬੁਕਿੰਗ ਆਉਟਰੀਚ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਹਾਲਾਂਕਿ ਕੰਪਨੀ ਦੇ ਬੁਲਾਰੇ ਨੇ ਇਕ ਈ-ਮੇਲ 'ਚ ਪੁੱਛੇ ਗਏ ਇਸ ਪ੍ਰਸ਼ਨ ਦਾ ਜਵਾਬ ਨਹੀਂ ਦਿੱਤਾ। ਫੈਡਰੇਸ਼ਨ ਆਫ ਐਲਪੀਜੀ ਡਿਸਟ੍ਰੀਬਿਊਟਰਜ਼ ਆਫ ਇੰਡੀਆ ਦੇ ਜਨਰਲ ਸੱਕਤਰ ਪਵਨ ਸੋਨੀ ਨੇ ਕਿਹਾ, “'ਐਚਪੀਸੀਐਲ ਸਿਲੰਡਰ ਦੀ ਆਟੋ-ਬੁਕਿੰਗ ਕਰ ਰਹੀ ਹੈ ਜਿਸ ਕਾਰਨ ਵਿਤਰਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। ਬਹੁਤ ਸਾਰੇ ਖਪਤਕਾਰ ਸਿਲੰਡਰ ਲੈਣ ਲਈ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਇਸ ਨੂੰ ਬੁੱਕ ਹੀ ਨਹੀਂ ਕੀਤਾ'।

ਜੁਰਮਾਨੇ ਦੇ ਡਰ ਕਾਰਨ ਕੁਝ ਡਿਸਟ੍ਰੀਬਿਊਟਰ ਇਨ੍ਹਾਂ ਸਿਲੰਡਰਾਂ ਨੂੰ ਖੁੱਲ੍ਹੇ ਬਜ਼ਾਰ ਵਿਚ ਵੇਚਣ ਲਈ ਮਜਬੂਰ ਹੋ ਰਹੇ ਹਨ। ਇਸ ਨਾਲ ਰਸੌਈ ਗੈਸ ਸਲੰਡਰ ਦਾ ਵਪਾਰਕ ਇਸਤੇਮਾਲ ਹੋ ਰਿਹਾ ਹੈ ਅਤੇ DBT ਦੀ ਸਬਸਿਡੀ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਸਿਲੰਡਰਾਂ ਦੀ ਆਟੋ-ਬੁਕਿੰਗ ਦੇ ਕਾਰਨ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਡੀ.ਬੀ.ਟੀ. ਦਾ ਪੈਸਾ ਤਾਂ ਲਾਭਪਾਤਰਾਂ ਦੇ ਖਾਤੇ ਵਿਚ ਜਾ ਰਿਹਾ ਹੈ ਜਦੋਂਕਿ ਸਿਲੰਡਰ ਦਾ ਇਸਤੇਮਾਲ ਕੋਈ ਹੋਰ ਕਰ ਰਿਹਾ ਹੈ। ਸਰਕਾਰ ਮੁਤਾਬਕ ਚਾਲੂ ਵਿੱਤੀ ਸਾਲ 'ਚ LPG ਸਬਸਿਡੀ 'ਤੇ 32,989 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਮੁਤਾਬਕ PMUY ਦੇ ਘੱਟੋ-ਘੱਟ 87 ਫੀਸਦੀ ਲਾਭਪਾਤਰਾਂ ਨੇ ਘੱਟੋ-ਘੱਟ ਦੂਜੀ ਵਾਰ ਸਿਲੰਡਰ ਭਰਿਆ ਹੈ।

ਗਾਹਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਸਿਲੰਡਰਾਂ ਦੀ ਆਟੋ ਬੁਕਿੰਗ 

ਸਿਲੰਡਰਾਂ ਦੀ ਘੱਟ ਬੁਕਿੰਗ ਦੀ ਸਮੱਸਿਆ ਦਾ ਹੱਲ ਕਰਨ ਲਈ ਹੀ ਤੇਲ ਮਾਰਕੀਟਿੰਗ ਕੰਪਨੀਆਂ ਨੇ 14.2 ਕਿਲੋਗ੍ਰਾਮ ਸਿਲੰਡਰ ਦੀ ਥਾਂ 5 ਕਿਲੋਗ੍ਰਾਮ ਸਿਲੰਡਰ ਦੇਣ ਦੀ ਸਹੂਲਤ ਸ਼ੁਰੂ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪੀਐਮਯੂਯੂਵਾਈ ਦੇ ਖਪਤਕਾਰਾਂ ਵਲੋਂ ਸਿਲੰਡਰਾਂ ਦੀ ਫਿਰ ਤੋਂ ਬੁਕਿੰਗ ਨਾ ਮਿਲਣ ਦਾ ਮੁੱਖ ਕਾਰਨ ਇਹ ਹੈ ਕਿ ਉਹ ਬੁਕਿੰਗ ਕਰਨ ਦੀ ਪ੍ਰਕਿਰਿਆ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੀ ਨਹੀਂ ਹਨ। ਇਸ ਲਈ ਕੰਪਨੀ ਨੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਆਟੋ-ਬੁਕਿੰਗ ਪ੍ਰਕਿਰਿਆ ਅਪਣਾ ਲਈ ਹੈ। ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ (ਪੀਪੀਏਸੀ) ਕੋਲ ਉਪਲਬਧ ਨਵੰਬਰ ਦੇ ਅੰਕੜਿਆਂ ਅਨੁਸਾਰ ਦੇਸ਼ 'ਚ ਐਲਪੀਜੀ ਦੇ ਲਗਭਗ 27.4 ਮਿਲੀਅਨ ਖਪਤਕਾਰ ਹਨ। ਇਨ੍ਹਾਂ ਵਿਚੋਂ 7.5 ਕਰੋੜ ਖਪਤਕਾਰ ਐਚਪੀਸੀਐਲ ਦੇ ਹਨ, ਇੰਡੀਅਨ ਆਇਲ ਦੇ 12.9 ਕਰੋੜ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਲਗਭਗ 7 ਕਰੋੜ ਖਪਤਕਾਰ ਹਨ।

PMUY ਆਉਣ ਤੋਂ ਪਹਿਲਾਂ 65 ਪ੍ਰਤੀਸ਼ਤ ਬੁਕਿੰਗ ਇੰਟਰਐਕਟਿਵ ਵਾਇਸ ਰਿਸਪਾਂਸ ਸਿਸਟਮ (ਆਈਵੀਆਰਐਸ) ਜਾਂ SMS ਦੁਆਰਾ ਕੀਤੀ ਗਈ ਸੀ। ਸਰਕਾਰੀ ਅੰਕੜਿਆਂ ਮੁਤਾਬਕ 96.5 ਫੀਸਦੀ ਲੋਕਾਂ ਕੋਲ LPG ਕੁਨੈਕਸ਼ਨ ਹਨ ਇਸ ਮਿਆਦ ਦੌਰਾਨ ਵਿਤਰਕਾਂ ਦੀ ਗਿਣਤੀ 'ਚ 35 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਇਹ ਗਿਣਤੀ 24,127 ਤੱਕ ਪਹੁੰਚ ਗਈ ਹੈ। ਉਜਵਲਾ ਯੋਜਨਾ ਮਈ 2016 ਵਿਚ ਸ਼ੁਰੂ ਕੀਤੀ ਗਈ ਸੀ ਅਤੇ 5 ਕਰੋੜ ਖਪਤਕਾਰਾਂ ਨੂੰ ਮੁਫਤ ਕੁਨੈਕਸ਼ਨ ਦੇਣ ਦਾ ਟੀਚਾ ਸੀ। ਯੋਜਨਾ ਦੀ ਸਫਲਤਾ ਦੇ ਮੱਦੇਨਜ਼ਰ 8 ਕਰੋੜ ਖਪਤਕਾਰਾਂ ਤੱਕ ਇਹ ਯੋਜਨਾ ਵਧਾਉਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਲਈ 12,800 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਗਿਆ।


Related News