ਨਵੀਂ ਥਾਰ ਦੀ ਬੁਕਿੰਗ 20 ਹਜ਼ਾਰ ਤੋਂ ਪਾਰ, ਡਿਲਵਿਰੀ ਲਈ ਲੰਮੀ ਹੋਈ ਉਡੀਕ

Wednesday, Nov 04, 2020 - 06:00 PM (IST)

ਨਵੀਂ ਦਿੱਲੀ- ਮਹਿੰਦਰਾ ਦੀ ਨਵੀਂ ਥਾਰ ਦੀ ਬੁਕਿੰਗ ਲਾਂਚਿੰਗ ਦੇ ਇਕ ਮਹੀਨੇ ਵਿਚ 20,000 ਤੋਂ ਪਾਰ ਹੋ ਗਈ ਹੈ। ਕੰਪਨੀ ਨੇ ਬੁੱਧਵਾਰ ਇਸ ਦੀ ਜਾਣਕਾਰੀ ਦਿੱਤੀ। ਬੁਕਿੰਗ ਵਿਚ ਭਾਰੀ ਵਾਧਾ ਹੋਣ ਨਾਲ ਹੁਣ ਇਸ ਗੱਡੀ ਦੀ ਡਿਲਵਿਰੀ ਲੈਣ ਲਈ ਤੁਹਾਨੂੰ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਮਹਿੰਦਰਾ ਮੁਤਾਬਕ, ਨਵੀਂ ਥਾਰ ਬੁੱਕ ਕਰਨ ਵਾਲਿਆਂ ਨੂੰ ਇਹ ਗੱਡੀ ਪਾਉਣ ਲਈ 5-7 ਮਹੀਨਿਆਂ ਦਾ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਮਹਿੰਦਰਾ ਦਾ ਕਹਿਣਾ ਹੈ ਕਿ ਕੰਪਨੀ ਫਿਲਹਾਲ ਹਰ ਮਹੀਨੇ 2,000 ਥਾਰ ਬਣਾ ਰਹੀ ਹੈ। ਹਾਲਾਂਕਿ ਭਾਰੀ ਮੰਗ ਨੂੰ ਦੇਖਦੇ ਹੋਏ ਜਲਦ ਹੀ ਇਸ ਦੀ ਗਿਣਤੀ ਵਧਾ ਕੇ 3,000 ਪ੍ਰਤੀ ਮਹੀਨਾ ਕੀਤੀ ਜਾਵੇਗੀ।

ਮਹਿੰਦਰਾ ਐਂਡ ਮਹਿੰਦਰਾ ਆਟੋਮੋਟਿਵ ਡਵੀਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੈ ਨਕਰਾ ਨੇ ਕਿਹਾ, ''ਨਵੀਂ ਥਾਰ ਦੀ ਮੰਗ ਸਾਡੀਆਂ ਸਾਰੀਆਂ ਉਮੀਦਾਂ ਅਤੇ ਉਤਪਾਦਨ ਸਮਰੱਥਾ ਨੂੰ ਪਾਰ ਕਰ ਗਈ ਹੈ। ਇਸ ਲਈ ਮਾਡਲ ਦੀ ਉਡੀਕ ਉਮੀਦ ਨਾਲੋਂ ਲੰਮੀ ਹੋਵੇਗੀ।"

ਉਨ੍ਹਾਂ ਕਿਹਾ ਕਿ ਜਨਵਰੀ ਤੋਂ ਹਰ ਮਹੀਨੇ 3,000 ਥਾਰ ਦਾ ਉਤਪਾਦਨ ਕੀਤਾ ਜਾਵੇਗਾ। ਇਸ ਨਾਲ ਗੱਡੀ ਪਾਉਣ ਵਾਲਿਆਂ ਦੀ ਉਡੀਕ ਵਿਚ ਕਮੀ ਆਵੇਗੀ। ਗੌਰਤਲਬ ਹੈ ਕਿ ਨਵੀਂ ਥਾਰ 2 ਅਕਤੂਬਰ 2020 ਨੂੰ ਭਾਰਤ ਵਿਚ ਲਾਂਚ ਹੋਈ ਸੀ। ਇਸ ਦੀ ਕੀਮਤ 9.80 ਲੱਖ ਰੁਪਏ ਤੋਂ ਸ਼ੁਰੂ ਹੈ, ਜੋ ਟਾਪ ਮਾਡਲ ਤੱਕ 13.75 ਲੱਖ ਤੱਕ ਜਾਂਦੀ ਹੈ।


Sanjeev

Content Editor

Related News