ਮਹਿੰਦਰਾ ਗੱਡੀ ਖ਼ਰੀਦਣੀ ਹੋਈ ਮਹਿੰਗੀ, ਕੀਮਤਾਂ ''ਚ 40,000 ਰੁ: ਤੱਕ ਦਾ ਵਾਧਾ
Friday, Jan 08, 2021 - 11:21 PM (IST)
ਮੁੰਬਈ- ਮਹਿੰਦਰਾ ਦੀ ਗੱਡੀ ਖ਼ਰੀਦਣੀ ਮਹਿੰਗੀ ਹੋ ਗਈ ਹੈ। ਮਹਿੰਦਰਾ ਗਰੁੱਪ ਦੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਨੇ ਸ਼ੁੱਕਰਵਾਰ ਨੂੰ ਆਪਣੇ ਨਿੱਜੀ ਅਤੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿਚ ਤੁਰੰਤ ਪ੍ਰਭਾਵ ਨਾਲ ਲਗਭਗ 1.9 ਫ਼ੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ।
ਕੰਪਨੀ ਨੇ ਗੱਡੀ ਦੇ ਮਾਡਲ ਅਤੇ ਸੰਸਕਰਣ ਦੇ ਹਿਸਾਬ ਨਾਲ ਨਿੱਜੀ ਅਤੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿਚ 4,500 ਰੁਪਏ ਤੋਂ ਲੈ ਕੇ 40,000 ਰੁਪਏ ਤੱਕ ਦਾ ਵਾਧਾ ਕੀਤਾ ਹੈ।
ਮਹਿੰਦਰਾ ਐਂਡ ਮਹਿੰਦਰਾ ਨੇ ਕਿਹਾ ਕਿ ਨਵੀਂ ਥਾਰ ਦੇ ਮਾਮਲੇ ਵਿਚ ਕੀਮਤਾਂ ਵਿਚ ਵਾਧਾ 1 ਦਸੰਬਰ, 2020 ਅਤੇ 7 ਜਨਵਰੀ, 2021 ਦੇ ਵਿਚਕਾਰ ਕੀਤੀਆਂ ਗਈਆਂ ਸਾਰੀਆਂ ਬੁਕਿੰਗਾਂ ਲਈ ਲਾਗੂ ਹੋਵੇਗਾ। 8 ਜਨਵਰੀ, 2021 ਤੋਂ ਨਵੀਂ ਥਾਰ ਦੀ ਤਾਜ਼ਾ ਬੁਕਿੰਗ ਅਤੇ ਡਿਲਿਵਰੀ ਸਮੇਂ ਕੀਮਤ ਲਾਗੂ ਹੋਵੇਗੀ।
ਗੌਰਤਲਬ ਹੈ ਕਿ ਪਿਛਲੇ ਮਹੀਨੇ ਹੀ ਕੰਪਨੀ ਨੇ ਕਿਹਾ ਸੀ ਕਿ ਉਹ ਜਨਵਰੀ ਵਿਚ ਆਪਣੇ ਸਾਰੇ ਯਾਤਰੀ ਅਤੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿਚ ਵਾਧਾ ਕਰੇਗੀ।
ਇਹ ਵੀ ਪੜ੍ਹੋ- ਬ੍ਰਿਸਬੇਨ 'ਚ ਨਵਾਂ ਸਟ੍ਰੇਨ ਮਿਲਣ ਪਿਛੋਂ ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਖ਼ਬਰ
ਕੰਪਨੀ ਦੇ ਆਟੋਮੋਟਿਵ ਡਿਵੀਜ਼ਨ ਦੇ ਸੀ. ਈ. ਓ. ਵਿਜੇ ਨਾਕਰਾ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਕਮੋਡਿਟੀ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਹੋਰ ਖ਼ਰਚ ਵਧਣ ਕਾਰਨ ਕੀਮਤਾਂ ਵਧਾਉਣਾ ਜ਼ਰੂਰੀ ਸੀ। ਉਨ੍ਹਾਂ ਕਿਹਾ, ''ਲਾਗਤ ਨੂੰ ਘੱਟ ਕਰਨ ਲਈ ਸਾਰੇ ਯਤਨ ਕੀਤੇ ਅਤੇ ਲੰਮੇ ਸਮੇਂ ਤੱਕ ਕੀਮਤਾਂ ਨੂੰ ਵਧਾਉਣ ਤੋਂ ਟਾਲਦੇ ਰਹੇ ਪਰ ਕੱਚੇ ਮਾਲ ਦੀ ਲਾਗਤ ਵਧਣ ਕਾਰਨ ਅਸੀਂ 8 ਜਨਵਰੀ, 2021 ਤੋਂ ਕੀਮਤਾਂ ਵਧਾ ਰਹੇ ਹਾਂ।''
ਇਹ ਵੀ ਪੜ੍ਹੋ- UK ਜਾ ਰਹੇ ਹੋ ਤਾਂ ਕੋਰੋਨਾ ਰਿਪੋਰਟ ਨਾ ਹੋਣ 'ਤੇ ਲੱਗੇਗਾ 50,000 ਰੁ: ਜੁਰਮਾਨਾ