ਸੁਪਰ ਰਿਚ 'ਤੇ ਟੈਕਸ ਦੀ ਮਾਰ, ਮਰਸੀਡੀਜ਼-Audi ਨੂੰ ਪਵੇਗਾ ਘਾਟਾ

07/22/2019 11:42:11 AM

ਜਲੰਧਰ, (ਬੀ. ਡੈਸਕ)— ਭਾਰਤ 'ਚ ਕਰੋੜਪਤੀਆਂ ਦੀ ਗਿਣਤੀ 3.50 ਲੱਖ ਤੋਂ ਵੀ ਵੱਧ ਹੈ ਪਰ ਮੋਦੀ ਸਰਕਾਰ ਵੱਲੋਂ ਸੁਪਰ ਰਿਚ 'ਤੇ ਸਰਚਾਰਜ ਲਾਉਣ ਨਾਲ ਲਗਜ਼ਰੀ ਕਾਰ ਬਾਜ਼ਾਰ ਦੀ ਗ੍ਰੋਥ ਠਹਿਰ ਸਕਦੀ ਹੈ, ਜਿਸ ਨਾਲ ਲਗਜ਼ਰੀ ਕਾਰ ਨਿਰਮਾਤਾਵਾਂ ਨੂੰ ਘਾਟਾ ਪੈ ਸਕਦਾ ਹੈ।ਇਸ ਸਾਲ ਪਹਿਲੀ ਛਿਮਾਹੀ 'ਚ ਲਗਜ਼ਰੀ ਕਾਰ ਬਾਜ਼ਾਰ ਨੇ ਲਗਭਗ ਇਕ ਚੌਥਾਈ ਤਕ ਦੀ ਗਿਰਾਵਟ ਦਰਜ ਕੀਤੀ ਹੈ, ਜੋ ਅਮੀਰਾਂ 'ਤੇ ਸਰਚਾਰਜ ਲਾਉਣ ਨਾਲ ਹੋਰ ਵਧਣ ਦਾ ਖਦਸ਼ਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਹਾਲ ਹੀ 'ਚ ਪੇਸ਼ ਹੋਏ ਕੇਂਦਰੀ ਬਜਟ 'ਚ 2 ਕਰੋੜ ਤੋਂ ਵੱਧ ਦੀ ਸਾਲਾਨਾ ਆਮਦਨ ਵਾਲਿਆਂ 'ਤੇ ਸਰਚਾਰਜ ਵਧਾ ਦਿੱਤਾ ਹੈ। ਇਹੀ ਵਰਗ ਲਗਜ਼ਰੀ ਕਾਰਾਂ ਦਾ ਗਾਹਕ ਹੈ।

 

 

ਇੰਡਸਟਰੀ ਸੂਤਰਾਂ ਮੁਤਾਬਕ, ਇਕਾਨੋਮੀ 'ਚ ਸੁਸਤੀ ਤੇ ਨਕਦੀ ਸੰਕਟ ਕਾਰਨ ਜਨਵਰੀ ਤੋਂ ਜੂਨ 2019 ਵਿਚਕਾਰ ਤਕਰੀਬਨ 15,000 ਤੋਂ 17,000 ਲਗਜ਼ਰੀ ਕਾਰਾਂ ਦੀ ਵਿਕਰੀ ਹੋਈ ਹੈ, ਜਦੋਂ ਕਿ 2018 'ਚ ਇਸ ਦੌਰਾਨ ਵਿਕਰੀ 20,000 ਯੂਨਿਟ ਰਹੀ ਸੀ।
ਲਗਜ਼ਰੀ ਕਾਰ ਬਾਜ਼ਾਰ ਲੀਡਰ ਮਰਸੀਡੀਜ਼-ਬੇਂਜ ਅਤੇ ਔਡੀ ਉਮੀਦ ਰੱਖਦੇ ਹਨ ਕਿ ਆਉਣ ਵਾਲੇ ਮਹੀਨਿਆਂ 'ਚ ਸਥਿਤੀ ਸੁਧਰੇਗੀ। ਹਾਲਾਂਕਿ ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਅਰਥਵਿਵਸਥਾ 'ਚ ਲਗਾਤਾਰ ਕਮਜ਼ੋਰੀ ਰਹਿਣ ਤੇ ਉੱਚੀ ਜੀ. ਐੱਸ. ਟੀ. ਦਰ ਅਤੇ ਵਧੀ ਦਰਾਮਦ ਲਾਗਤ ਕਾਰਨ ਲਗਜ਼ਰੀ ਕਾਰ ਬਾਜ਼ਾਰ ਲਈ ਮੁਸ਼ਕਲ ਖੜੀ ਹੋ ਸਕਦੀ ਹੈ। ਮਰਸੀਡੀਜ਼ ਦਾ ਕਹਿਣਾ ਹੈ ਕਿ ਲੋਨ ਮਹਿੰਗਾ ਹੋਣ, ਨਕਦੀ ਸੰਕਟ, ਵਧਦੀ ਇੰਪੋਰਟ ਲਾਗਤ ਤੇ ਮਹਿੰਗਾਈ ਕਾਰਨ ਖਰੀਦਦਾਰ ਘੱਟ ਹੋਏ ਹਨ, ਜਿਸ ਕਾਰਨ 2019 ਦੀ ਪਹਿਲੀ ਛਿਮਾਹੀ 'ਚ ਉਸ ਦੀ ਵਿਕਰੀ 18 ਫੀਸਦੀ ਘਟੀ ਹੈ। ਇਸ ਵਿਚਕਾਰ ਸੁਪਰ ਰਿਚ 'ਤੇ ਸਰਚਾਰਜ ਲੱਗਣ ਨਾਲ ਇੰਡਸਟਰੀ ਦੀ ਧੜਕਣ ਹੋਰ ਵਧ ਗਈ ਹੈ ਕਿਉਂਕਿ ਇਹੀ ਉਨ੍ਹਾਂ ਦੇ ਮੁਖ ਗਾਹਕ ਹਨ।

 

PunjabKesari

 

ਇੰਡਸਟਰੀ ਨੂੰ BS-VI ਦੀ ਵੀ ਚਿੰਤਾ
ਭਾਰਤ 'ਚ ਲਗਜ਼ਰੀ ਕਾਰਾਂ ਦੀ ਹਿੱਸੇਦਾਰੀ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ-ਚਾਰ ਸਾਲਾਂ 'ਚ ਇਹ ਕੁੱਲ ਯਾਤਰੀ ਵਾਹਨ ਬਾਜ਼ਾਰ ਦਾ ਲਗਭਗ 1.17 ਫੀਸਦੀ ਰਹੀ ਹੈ, ਜੋ ਹੋਰ ਵੱਡੇ ਬਾਜ਼ਾਰਾਂ ਜਾਂ ਅਰਥਵਿਵਸਥਾਵਾਂ ਨਾਲੋਂ ਸਭ ਤੋਂ ਘੱਟ ਹੈ। ਉੱਥੇ ਹੀ, ਇੰਡਸਟਰੀ ਨੂੰ ਡਰ ਹੈ ਕਿ ਬਾਜ਼ਾਰ ਇਕ ਦਹਾਕੇ 'ਚ ਵਿਕਾਸ ਦਰ 'ਚ ਸਭ ਤੋਂ ਵੱਡੀ ਗਿਰਾਵਟ ਵੱਲ ਵਧ ਰਿਹਾ ਹੈ। ਇਸ ਨਾਲ ਚਿੰਤਾ ਇਹ ਵੀ ਹੈ ਕਿ ਬੀ. ਐੱਸ.-4 ਤੋਂ ਬੀ. ਐੱਸ.-6 'ਚ ਜਾਣ ਨਾਲ ਇੰਡਸਟਰੀ ਦੀ ਲਾਗਤ ਵੱਧ ਜਾਏਗੀ, ਜਿਸ ਨਾਲ ਗੱਡੀ ਖਰੀਦਣੀ ਕਾਫੀ ਮਹਿੰਗੀ ਹੋਵੇਗੀ, ਜੋ ਖਰੀਦਦਾਰਾਂ ਨੂੰ ਨਿਰਾਸ਼ ਕਰ ਸਕਦੀ ਹੈ। ਬੀ. ਐੱਸ.-6 ਨਿਯਮ ਪਹਿਲੀ ਅਪ੍ਰੈਲ 2020 ਤੋਂ ਲਾਗੂ ਹੋ ਜਾਣਗੇ। ਇਸ ਤੋਂ ਪਹਿਲਾਂ ਸਾਲ 2019 ਲਗਜ਼ਰੀ ਕਾਰਾਂ ਲਈ ਕਾਫੀ ਮੁਸ਼ਕਲ ਸਾਬਤ ਹੋ ਸਕਦਾ ਹੈ।


Related News