ਇਕ ਸਾਲ ''ਚ 100 ਰੁਪਏ ਮਹਿੰਗਾ ਹੋਇਆ ਸਬਸਿਡੀ ਵਾਲਾ LPG ਸਿਲੰਡਰ
Sunday, Jul 26, 2020 - 01:02 PM (IST)
ਨਵੀਂ ਦਿੱਲੀ (ਵਾਰਤਾ) : ਰਸੋਈ ਗੈਸ ਸਿਲੰਡਰ 'ਤੇ ਸਬਸਿਡੀ ਵਿਚ ਪਿਛਲੇ ਇਕ ਸਾਲ ਵਿਚ ਲਗਾਤਾਰ ਕਟੌਤੀ ਕੀਤੇ ਜਾਣ ਨਾਲ ਇਸ ਦੌਰਾਨ ਸਬਸਿਡੀ ਵਾਲਾ ਸਿਲੰਡਰ 100 ਰੁਪਏ ਮਹਿੰਗਾ ਹੋ ਗਿਆ ਹੈ ਅਤੇ ਹੁਣ ਸਬਸਿਡੀ ਸਿਫ਼ਰ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ਦਿਲੀ ਵਿਚ ਪਿਛਲੇ ਸਾਲ ਜੁਲਾਈ ਵਿਚ 14.2 ਕਿੱਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦਾ ਬਾਜ਼ਾਰ ਮੁੱਲ ਯਾਨੀ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 637 ਰੁਪਏ ਸੀ ਜੋ ਹੁਣ ਘੱਟ ਕੇ 594 ਰੁਪਏ ਰਹਿ ਗਈ ਹੈ। ਇਸ ਦੇ ਬਾਵਜੂਦ ਇਸ ਦੌਰਾਨ ਸਬਸਿਡੀ ਵਾਲਾ ਸਿਲੰਡਰ 100 ਰੁਪਏ ਮਹਿੰਗਾ ਹੋਇਆ ਅਤੇ ਇਸ ਦੀ ਕੀਮਤ 494.35 ਰੁਪਏ ਤੋਂ ਵੱਧ ਕੇ 594 ਰੁਪਏ ਹੋ ਗਈ।
ਸਰਕਾਰ ਵੱਲੋਂ ਸਬਸਿਡੀ ਵਿਚ ਲਗਾਤਾਰ ਕੀਤੀ ਗਈ ਕਟੌਤੀ ਨਾਲ ਇਸ ਸਾਲ ਮਈ ਤੋਂ ਹੀ ਸਬਸਿਡੀ ਅਤੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਇਕ ਹੋ ਗਈ ਹੈ। ਇਸ ਸਾਲ ਮਈ, ਜੂਨ ਅਤੇ ਜੁਲਾਈ ਵਿਚ ਗਾਹਕਾਂ ਨੂੰ ਕੋਈ ਸਬਸਿਡੀ ਨਹੀਂ ਮਿਲੀ ਹੈ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਹੀ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਸਰਕਾਰ ਦੀ ਯੋਜਨਾ ਹੌਲੀ-ਹੌਲੀ ਰਸੋਈ ਗੈਸ ਸਿਲੰਡਰ 'ਤੇ ਸਬਸਿਡੀ ਖ਼ਤਮ ਕਰਣ ਦੀ ਹੈ ਪਰ ਇਸ ਸੰਬੰਧ ਵਿਚ ਪੁੱਛੇ ਜਾਣ 'ਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਹਰ ਵਾਰ ਇਸ ਗੱਲ ਤੋਂ ਇਨਕਾਰ ਕਰਦੇ ਰਹੇ। ਦੂਜੇ ਪਾਸੇ ਸਰਕਾਰ ਨੇ ਪਿਛਲੇ ਇਕ ਸਾਲ ਵਿਚ ਸਬਸਿਡੀ ਵਿਚ ਲਗਾਤਾਰ ਕਟੌਤੀ ਕੀਤੀ। ਜੁਲਾਈ 2019 ਵਿਚ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 494.35 ਰੁਪਏ ਦਾ ਅਤੇ ਸਬਸਿਡੀ ਵਾਲਾ ਸਿਲੰਡਰ 637 ਰੁਪਏ ਦਾ ਸੀ। ਅਕਤੂਬਰ 2019 ਵਿਚ ਸਬਸਿਡੀ ਵਾਲਾ 517.95 ਰੁਪਏ ਦਾ ਅਤੇ ਬਿਨਾਂ ਸਬਸਿਡੀ ਵਾਲਾ 605 ਰੁਪਏ ਦਾ ਹੋ ਗਿਆ। ਇਸ ਸਾਲ ਜਨਵਰੀ ਵਿਚ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵੱਧ ਕੇ 535.14 ਰੁਪਏ ਅਤੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 714 ਰੁਪਏ ਹੋ ਗਈ। ਅਪ੍ਰੈਲ ਵਿਚ ਸਬਸਿਡੀ ਵਾਲੇ ਸਿਲੰਡਰ ਦਾ ਮੁੱਲ 581.57 ਰੁਪਏ ਅਤੇ ਬਿਨਾਂ ਸਬਸਿਡੀ ਵਾਲੇ ਦਾ ਮੁੱਲ 744 ਰੁਪਏ ਹੋ ਗਿਆ।
ਅੰਤਰਰਾਸ਼ਟਰੀ ਬਾਜ਼ਾਰ ਵਿਚ ਅਪ੍ਰੈਲ ਵਿਚ ਐਲਪੀਜੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੇ ਬਾਅਦ ਮਈ ਵਿਚ ਘਰੇਲੂ ਸਿਲੰਡਰ ਦਾ ਬਾਜ਼ਾਰ ਮੁੱਲ 162.50 ਰੁਪਏ ਘਟਾ ਕੇ 581.50 ਰੁਪਏ ਕਰ ਦਿੱਤਾ ਗਿਆ, ਜਿਸ ਨਾਲ ਸਬਸਿਡੀ ਅਤੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਇਕ ਹੋ ਗਈ। ਜੂਨ ਅਤੇ ਜੁਲਾਈ ਵਿਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਨਾਲ ਸਬਸਿਡੀ ਵਾਲੇ ਸਿਲਿੰਡਰ ਦੀ ਕੀਮਤ ਵਿਚ ਵੀ ਸਮਾਨ ਵਾਧਾ ਕੀਤਾ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਆਪਣੀ ਵੈੱਬਸਾਈਟ 'ਤੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਦੇ ਬਾਰੇ ਵਿਚ ਜਾਣਕਾਰੀ ਦੇਣੀ ਬੰਦ ਕਰ ਦਿੱਤੀ ਹੈ। ਇਕ ਸਾਲ ਪਹਿਲਾਂ ਤੱਕ ਉਸ ਦੀ ਵੈੱਬਸਾਈਟ 'ਤੇ ਇਸ ਦੀ ਜਾਣਕਾਰੀ ਉਪਲੱਬਧ ਹੁੰਦੀ ਸੀ। ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਜਨਵਰੀ ਤੋਂ ਹੁਣ ਤੱਕ ਹੋਏ ਵਾਧੇ ਅਤੇ ਇਸ ਦਾ ਕਾਰਨ ਜਾਣਨ ਲਈ ਜਨਤਕ ਖ਼ੇਤਰ ਦੀ ਕੰਪਨੀ ਨੂੰ 07 ਜੁਲਾਈ ਨੂੰ ਲਿਖੇ ਗਏ ਈ-ਮੇਲ ਦਾ ਉਸ ਵਲੋਂ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ।