ਪਾਇਲਟਾਂ ਦੀ ਘਟੇਗੀ ਤਨਖਾਹ, ਭਰਨਾ ਹੋਵੇਗਾ 1 ਕਰੋੜ ਦਾ ਬਾਂਡ!
Monday, Jul 24, 2017 - 09:09 AM (IST)

ਨਵੀਂ ਦਿੱਲੀ— ਕਈ ਨਿੱਜੀ ਖੇਤਰਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਬਚਾਈ ਰੱਖਣ ਲਈ ਆਪਣੀ ਕੰਪਨੀ ਦੀਆਂ ਸ਼ਰਤਾਂ 'ਤੇ ਸਮਝੌਤਾ ਕਰਨਾ ਪੈ ਰਿਹਾ ਹੈ। ਸੂਤਰਾਂ ਮੁਤਾਬਕ, ਨਿੱਜੀ ਖੇਤਰ ਦੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਨੇ ਆਪਣੇ ਜੂਨੀਅਰ ਪਾਇਲਟਾਂ ਨੂੰ ਕੰਪਨੀ 'ਚ ਘੱਟੋ-ਘੱਟ 5 ਤੋਂ 7 ਸਾਲ ਨੌਕਰੀ ਕਰਨ ਅਤੇ 1 ਕਰੋੜ ਰੁਪਏ ਦਾ ਜ਼ਮਾਨਤੀ ਬਾਂਡ ਭਰਨ ਦੀ ਸ਼ਰਤ ਰੱਖੀ ਹੈ। ਯਾਨੀ ਇਨ੍ਹਾਂ ਪਾਇਲਟਾਂ ਨੂੰ ਇਹ ਸਮਝੌਤਾ ਕਰਨਾ ਹੋਵੇਗਾ ਕਿ ਉਹ 5 ਜਾਂ 7 ਸਾਲ ਤੋਂ ਪਹਿਲਾਂ ਨੌਕਰੀ ਨਹੀਂ ਛੱਡ ਸਕਦੇ ਅਤੇ ਜੇਕਰ ਛੱਡਣਗੇ ਤਾਂ ਉਨ੍ਹਾਂ ਨੂੰ ਬਾਂਡ ਭਰਨਾ ਪੈ ਸਕਦਾ ਹੈ। ਸੂਤਰਾਂ ਮੁਤਾਬਕ, ਕੰਪਨੀ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਕਿ ਲਾਗਤ 'ਚ ਕਟੌਤੀ ਦੀ ਪਹਿਲ ਤਹਿਤ ਕੰਪਨੀ ਨੇ ਕਈ ਜੂਨੀਅਰ ਪਾਇਲਟਾਂ ਨੂੰ ਹਰ ਮਹੀਨੇ 10 ਦਿਨ ਦੀ ਛੁੱਟੀ ਲੈਣ ਨੂੰ ਕਿਹਾ ਹੈ। ਇਸ ਕਦਮ ਨਾਲ ਉਨ੍ਹਾਂ ਦੀ ਤਨਖਾਹ 'ਚ 30 ਫੀਸਦੀ ਤਕ ਕਟੌਤੀ ਹੋਵੇਗੀ।
ਸੂਤਰਾਂ ਨੇ ਕਿਹਾ ਕਿ ਬਾਂਡ ਭਰਨ ਬਾਰੇ ਜੂਨੀਅਰ ਪਾਇਲਟਾਂ ਨੂੰ ਸੂਚਿਤ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਪਾਇਲਟਾਂ ਨੂੰ ਇਕ ਕਰੋੜ ਦਾ ਜ਼ਮਾਨਤੀ ਬਾਂਡ ਭਰਨ ਨੂੰ ਕਿਹਾ ਗਿਆ ਹੈ ਅਤੇ ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਕੰਪਨੀ ਇਕ ਪਾਸੜੇ ਢੰਗ ਨਾਲ ਉਨ੍ਹਾਂ ਦੀ ਤਨਖਾਹ 'ਚ ਕਟੌਤੀ ਦਾ ਫੈਸਲਾ ਕਰ ਚੁੱਕੀ ਹੈ।
ਉੱਥੇ ਹੀ, ਇਹ ਪੁੱਛੇ ਜਾਣ 'ਤੇ ਕਿ ਕੰਪਨੀ ਨੇ ਪਾਇਲਟਾਂ ਨੂੰ ਬਾਂਡ ਭਰਨ ਲਈ ਕਿਹਾ ਹੈ, ਜੈੱਟ ਏਅਰਵੇਜ਼ ਦੇ ਬੁਲਾਰੇ ਨੇ ਕਿਹਾ, ''ਕਿਸੇ ਨਵੇਂ ਬਾਂਡ ਲਈ ਨਹੀਂ ਕਿਹਾ ਗਿਆ ਹੈ। ਇਹ ਤਾਂ ਤਰੀਕਾ ਹੈ ਕਿ ਜਿਸ ਨੂੰ ਲਾਗੂ ਕੀਤਾ ਜਾ ਰਿਹਾ ਹੈ।'' ਸੂਤਰਾਂ ਨੇ ਕਿਹਾ ਕਿ ਸੰਗਠਨ ਇਸ ਬਾਰੇ ਇਸ ਹਫਤੇ ਕੰਪਨੀ ਪ੍ਰਬੰਧਨ ਨੂੰ ਮਿਲਣ 'ਤੇ ਵਿਚਾਰ ਕਰ ਰਿਹਾ ਹੈ ਤਾਂ ਕਿ ਤਨਖਾਹ ਕਟੌਤੀ ਦੇ ਪ੍ਰਸਤਾਵ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ ਕਿਉਂਕਿ ਇਹ ਇਕ ਪਾਸੜੇ ਢੰਗ ਨਾਲ ਕੀਤਾ ਗਿਆ ਹੈ। ਜੈੱਟ ਏਅਰਵੇਜ਼ 'ਚ ਕੁੱਲ ਮਿਲਾ ਕੇ 200 ਤੋਂ ਵਧ ਜੂਨੀਅਰ ਪਾਇਲਟ ਹਨ।