ਵਿਦੇਸ਼ ਯਾਤਰਾ: ਇੰਝ ਕੋਰੋਨਾ ਵੈਕਸੀਨ ਸਰਟੀਫਕੇਟ ਨਾਲ ਲਿੰਕ ਕਰੋ ਪਾਸਪੋਰਟ

Sunday, Jun 27, 2021 - 07:39 AM (IST)

ਨਵੀਂ ਦਿੱਲੀ- ਮਹਾਮਾਰੀ ਦੀ ਰੋਕਥਾਮ ਲਈ ਟੀਕਾਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਵੱਧ ਰਹੀ ਹੈ। ਕੋਵਿਡ ਟੀਕਾਕਰਨ ਹੋਣ ਦੇ ਨਾਲ ਹੀ ਲੋਕਾਂ ਨੂੰ ਡਿਜੀਟਲ ਸਰਟੀਫਿਕੇਟ ਵੀ ਦਿੱਤਾ ਜਾ ਰਿਹਾ ਹੈ। ਇਸ ਵਿਚਕਾਰ ਵਿਦੇਸ਼ ਯਾਤਰਾ ਲਈ ਕਈ ਮੁਲਕ ਕੋਵਿਡ-19 ਟੀਕਾਕਰਨ ਦਾ ਸਰਟੀਫਿਕੇਟ ਲਾਜ਼ਮੀ ਕਰ ਰਹੇ ਹਨ, ਯਾਨੀ ਯਾਤਰਾ ਸਮੇਂ ਕੋਰੋਨਾ ਟੀਕਾਕਰਨ ਦਾ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੋ ਰਿਹਾ ਹੈ। ਜੇਕਰ ਤੁਹਾਡੀ ਵੀ ਵਿਦੇਸ਼ ਜਾਣ ਦੀ ਯੋਜਨਾ ਹੈ ਤਾਂ ਹੁਣ ਤੁਸੀਂ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨੂੰ ਪਾਸਪੋਰਟ ਨਾਲ ਲਿੰਕ ਕਰ ਸਕਦੇ ਹੋ।

'ਕੋਵਿਨ' ਪੋਰਟਲ 'ਤੇ ਯੂਜ਼ਰਜ਼ ਵਿਦੇਸ਼ ਯਾਤਰਾ ਦੌਰਾਨ ਵਰਤੋਂ ਲਈ ਆਪਣੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨਾਲ ਪਾਸਪੋਰਟ ਲਿੰਕ ਕਰ ਸਕਦੇ ਹਨ।

ਅਰੋਗਿਆ ਸੇਤੂ ਐਪ ਦੇ ਅਧਿਕਾਰਤ ਟਵੀਟਰ ਹੈਂਡਲ ਨੇ ਸ਼ਨੀਵਾਰ ਨੂੰ ਇਕ ਟਵੀਟ ਵਿਚ ਕਿਹਾ, "ਹੁਣ, ਤੁਸੀਂ ਆਪਣੇ ਟੀਕਾਕਰਨ ਸਰਟੀਫਿਕੇਟ ਵਿਚ ਆਪਣਾ ਪਾਸਪੋਰਟ ਨੰਬਰ ਅਪਡੇਟ ਕਰ ਸਕਦੇ ਹੋ।"

 

ਟੀਕਾਕਰਨ ਸਰਟੀਫਿਕੇਟ ਨੂੰ ਆਪਣੇ ਪਾਸਪੋਰਟ ਨਾਲ ਜੋੜਨ ਲਈ ਸਭ ਤੋਂ ਪਹਿਲਾਂ ਤੁਹਾਨੂੰ www. cowin.gov.in. ਪੋਰਟਲ 'ਤੇ ਜਾਣਾ ਹੋਵੇਗਾ। ਫਿਰ 'ਰੇਜ਼ ਏਨ ਇਸ਼ੂ' ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਇਸ ਮਗਰੋਂ ਪਾਸਪੋਰਟ ਆਪਸ਼ਨ 'ਤੇ ਕਲਿੱਕ ਕਰੋ ਤੇ ਆਪਣਾ ਪਾਸਪੋਰਟ ਨੰਬਰ ਭਰੋ ਅਤੇ ਸਬਮਿਟ ਕਰ ਦਿਓ। ਸਕਿੰਟਾਂ ਵਿਚ ਨਵਾਂ ਸਰਟੀਫਿਕੇਟ ਪ੍ਰਾਪਤ ਹੋ ਜਾਵੇਗਾ। ਜੂਨ ਮਹੀਨੇ ਦੇ ਸ਼ੁਰੂ ਵਿਚ ਹੀ ਸਰਕਾਰ ਨੇ ਕੋਰੋਨਾ ਟੀਕਾਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਸ ਵਿਚ ਕਿਹਾ ਗਿਆ ਸੀ ਕਿ ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਖੇਡਾਂ ਲਈ ਜਿਨ੍ਹਾਂ ਨੇ ਵਿਦੇਸ਼ ਯਾਤਰਾ ਕਰਨੀ ਹੈ ਉਨ੍ਹਾਂ ਨੂੰ ਆਪਣਾ ਕੋਵਿਡ-19 ਟੀਕਾਕਰਨ ਸਰਟੀਫਿਕੇਟ ਯਾਤਰਾ ਤੋਂ ਪਹਿਲਾਂ ਪਾਸਪੋਰਟ ਨਾਲ ਲਿੰਕ ਕਰਨ ਹੋਵੇਗਾ। ਕੋਵਿਨ ਪੋਰਟਲ 'ਤੇ ਟੀਕਾਕਰਨ ਸਰਟੀਫਿਕੇਟ ਵਿਚ ਪਾਸਪੋਰਟ ਨੰਬਰ ਜੋੜਨ ਤੇ ਸਰਟੀਫਿਕੇਟ ਵਿਚ ਨਾਮ ਦੀ ਗਲਤੀ ਠੀਕ ਕਰਨ ਲਈ ਸਿਰਫ ਇਕ ਹੀ ਮੌਕਾ ਮਿਲੇਗਾ। ਇਸ ਲਈ ਬੇਹੱਦ ਸਾਵਧਾਨੀ ਨਾਲ ਹੀ ਜਾਣਕਾਰੀ ਅਪਡੇਟ ਕਰੋ।


Sanjeev

Content Editor

Related News