LIC ਦੇ ਨਿਵੇਸ਼ਕਾਂ ਦੀ ਬੱਲੇ-ਬੱਲੇ, 5 ਦਿਨਾਂ ''ਚ ਕਮਾਏ 45000 ਕਰੋੜ!

Monday, Jul 29, 2024 - 05:01 PM (IST)

LIC ਦੇ ਨਿਵੇਸ਼ਕਾਂ ਦੀ ਬੱਲੇ-ਬੱਲੇ, 5 ਦਿਨਾਂ ''ਚ ਕਮਾਏ 45000 ਕਰੋੜ!

ਨਵੀਂ ਦਿੱਲੀ (ਇੰਟ.) - ਬੀਤੇ ਹਫਤੇ ਸ਼ੇਅਰ ਬਾਜ਼ਾਰ (ਸਟਾਕ ਮਾਰਕੀਟ) ਲਈ ਉਤਰਾਅ-ਚੜ੍ਹਾਅ ਭਰਿਆ ਰਿਹਾ। ਕਦੇ ਦੇਖਦੇ ਹੀ ਦੇਖਦੇ ਮਾਰਕੀਟ ਧਰਾਸ਼ਾਈ ਹੋ ਗਈ, ਤਾਂ ਉਥੇ ਹੀ ਅਗਲੇ ਹੀ ਦਿਨ ਜ਼ੋਰਦਾਰ ਤੇਜ਼ੀ ਨਾਲ ਕਾਰੋਬਾਰ ਕਰਦਾ ਹੋਇਆ ਨਜ਼ਰ ਆਇਆ। ਹਾਲਾਂਕਿ, ਪੂਰੇ ਹਫਤੇ ਚੱਲੀ ਇਸ ਉਥਲ-ਪੁਥਲ ਦੇ ਬਾਵਜੂਦ ਸੈਂਸੈਕਸ ਦੀਆਂ ਟਾਪ 10 ਸਭ ਤੋਂ ਮੁੱਲਵਾਨ ਕੰਪਨੀਆਂ ’ਚੋਂ 6 ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ’ਚ ਬੀਤੇ ਹਫਤੇ ਸਮੂਹਿਕ ਰੂਪ ਨਾਲ 1,85,186.51 ਕਰੋਡ਼ ਰੁਪਏ ਦਾ ਵਾਧਾ ਹੋਇਆ। ਪਿਛਲੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 728.07 ਅੰਕ ਜਾਂ 0.90 ਫੀਸਦੀ ਚੜ੍ਹ ਗਿਆ।

ਸੈਂਸੈਕਸ ਦੀਆਂ ਟਾਪ-10 ਕੰਪਨੀਆਂ ’ਚੋਂ ਸਭ ਤੋਂ ਜ਼ਿਆਦਾ ਫਾਇਦੇ ’ਚ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲ. ਆਈ. ਸੀ. ਰਹੀ। ਐੱਲ. ਆਈ. ਸੀ. ਦੇ ਨਿਵੇਸ਼ਕਾਂ ਨੇ ਸਿਰਫ 5 ਦਿਨਾਂ ’ਚ ਕਰੀਬ 45,000 ਕਰੋਡ਼ ਰੁਪਏ ਦੀ ਕਮਾਈ ਕਰ ਲਈ।

ਐੱਲ. ਆਈ. ਸੀ. ਦਾ ਮਾਰਕੀਟ ਕੈਪ 5 ਦਿਨਾਂ ਦੇ ਕਾਰੋਬਾਰ ਦੌਰਾਨ ਵਧ ਕੇ 7,46,602.73 ਕਰੋਡ਼ ਰੁਪਏ ਹੋ ਗਿਆ। ਇਸ ਹਿਸਾਬ ਨਾਲ ਐੱਲ. ਆਈ. ਸੀ. ਸ਼ੇਅਰ ’ਚ ਪੈਸੇ ਲਾਉਣ ਵਾਲਿਆਂ ਨੇ 44,907.49 ਕਰੋਡ਼ ਰੁਪਏ ਦੀ ਕਮਾਈ ਕੀਤੀ ਹੈ। ਐੱਲ. ਆਈ. ਸੀ. ਦਾ ਸ਼ੇਅਰ ਬੀਤੇ ਸ਼ੁੱਕਰਵਾਰ ਨੂੰ 2.51 ਫੀਸਦੀ ਚੜ੍ਹ ਕੇ 1190 ਰੁਪਏ ’ਤੇ ਕਲੋਜ਼ ਹੋਇਆ ਸੀ।

ਐੱਚ. ਡੀ. ਐੱਫ. ਸੀ. ਦੇ ਨਿਵੇਸ਼ਕ ਵੀ ਫਾਇਦੇ ’ਚ ਰਹੇ

ਨਿਵੇਸ਼ਕਾਂ ਨੂੰ ਕਮਾਈ ਕਰਵਾਉਣ ਦੇ ਮਾਮਲੇ ’ਚ ਪਿਛਲੇ ਹਫਤੇ ਦੇ 5 ਦਿਨ ਦੇ ਕਾਰੋਬਾਰ ਦੌਰਾਨ ਟੈਲੀਕਾਮ ਦਿੱਗਜ ਭਾਰਤੀ ਏਅਰਟੈੱਲ ਵੀ ਅੱਗੇ ਰਹੀ। ਏਅਰਟੈੱਲ ਦੀ ਮਾਰਕੀਟ ਵੈਲਿਊ ’ਚ 30,282.99 ਕਰੋਡ਼ ਰੁਪਏ ਦਾ ਵਾਧਾ ਹੋਇਆ ਹੈ ਅਤੇ ਮਾਰਕੀਟ ਕੈਪੀਟਲਾਈਜ਼ੇਸ਼ਨ ਵਧ ਕੇ 8,62,211.38 ਕਰੋਡ਼ ਰੁਪਏ ’ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਦਾ ਮਾਰਕੀਟ ਕੈਪ 8,140.69 ਕਰੋਡ਼ ਰੁਪਏ ਵਧ ਕੇ 12,30,842.03 ਕਰੋਡ਼ ਰੁਪਏ ਹੋ ਗਿਆ।

ਰਿਲਾਇੰਸ ਨੇ ਕਰਵਾਇਆ ਤਗਡ਼ਾ ਘਾਟਾ

ਹੁਣ ਗੱਲ ਕਰੀਏ ਉਨ੍ਹਾਂ ਕੰਪਨੀਆਂ ਦੇ ਬਾਰੇ ’ਚ, ਜਿਨ੍ਹਾਂ ’ਚ ਨਿਵੇਸ਼ ਕਰਨ ਵਾਲੇ ਇਨਵੈਸਟਰਸ ਨੂੰ ਬੀਤੇ ਹਫਤੇ ਤਗਡ਼ਾ ਘਾਟਾ ਚੁੱਕਣਾ ਪਿਆ ਹੈ ਤਾਂ ਇਸ ਲਿਸਟ ’ਚ ਪਹਿਲੇ ਨੰਬਰ ’ਤੇ ਏਸ਼ੀਆ ਦੇ ਸਭ ਤੋਂ ਅਮੀਰ ਇਨਸਾਨ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਰਹੀ। ਰਿਲਾਇੰਸ ਐੱਮ ਕੈਪ ’ਚ ਭਾਰੀ ਭਰਕਮ 62,008.68 ਕਰੋਡ਼ ਰੁਪਏ ਦੀ ਕਮੀ ਆਈ ਅਤੇ ਇਹ ਘੱਟ ਕੇ 20,41,821.06 ਕਰੋਡ਼ ਰੁਪਏ ਰਹਿ ਗਿਆ।

ਮਾਰਕੀਟ ਵੈਲਿਊ ’ਚ ਰਿਲਾਇੰਸ ਅੱਵਲ

ਭਾਵੇਂ ਹੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪੀਟਲਾਈਜ਼ੇਸ਼ਨ ਘਟਿਆ ਹੋਵੇ ਪਰ ਇਸ ਦੇ ਬਾਵਜੂਦ ਸੈਂਸੈਕਸ ਦੀਆਂ ਟਾਪ-10 ਕੰਪਨੀਆਂ ਦੀ ਲਿਸਟ ’ਚ ਮਾਰਕੀਟ ਵੈਲਿਊ ਦੇ ਮਾਮਲੇ ’ਚ ਆਰ. ਆਈ. ਐੱਲ. ਪਹਿਲੇ ਸਥਾਨ ’ਤੇ ਕਾਬਜ਼ ਹੈ। ਇਸ ਤੋਂ ਬਾਅਦ ਕ੍ਰਮਵਾਰ ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਬੈਂਕ, ਭਾਰਤੀ ਏਅਰਟੈੱਲ, ਆਈ. ਸੀ. ਆਈ. ਸੀ. ਆਈ. ਬੈਂਕ, ਇਨਫੋਸਿਸ, ਭਾਰਤੀ ਸਟੇਟ ਬੈਂਕ, ਐੱਲ. ਆਈ. ਸੀ., ਹਿੰਦੁਸਤਾਨ ਯੂਨੀਲਿਵਰ ਅਤੇ ਆਈ. ਟੀ. ਸੀ. ਦਾ ਸਥਾਨ ਰਿਹਾ।

ਉਥੇ ਹੀ, ਸਮੀਖਿਆ ਅਧੀਨ ਹਫਤੇ ’ਚ ਇਨਫੋਸਿਸ ਦੀ ਬਾਜ਼ਾਰ ਹੈਸੀਅਤ 35,665.92 ਕਰੋਡ਼ ਰੁਪਏ ਵਧ ਕੇ 7,80,062.35 ਕਰੋਡ਼ ਰੁਪਏ ’ਤੇ ਪਹੁੰਚ ਗਈ। ਆਈ. ਟੀ. ਸੀ. ਦਾ ਬਾਜ਼ਾਰ ਪੂੰਜੀਕਰਨ 35,363.32 ਕਰੋਡ਼ ਰੁਪਏ ਵਧ ਕੇ 6,28,042.62 ਕਰੋਡ਼ ਰੁਪਏ ਰਿਹਾ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦੇ ਮੁਲਾਂਕਣ ’ਚ 30,826.1 ਕਰੋਡ਼ ਰੁਪਏ ਦਾ ਉਛਾਲ ਆਇਆ ਅਤੇ ਇਹ 15,87,598.71 ਕਰੋਡ਼ ਰੁਪਏ ’ਤੇ ਪਹੁਂਚ ਗਿਆ।

ਭਾਰਤੀ ਏਅਰਟੈੱਲ ਦੀ ਬਾਜ਼ਾਰ ਹੈਸੀਅਤ 30,282.99 ਕਰੋਡ਼ ਰੁਪਏ ਵਧ ਕੇ 8,62,211.38 ਕਰੋਡ਼ ਰੁਪਏ ’ਤੇ ਪਹੁੰਚ ਗਈ।

ਆਈ. ਸੀ. ਆਈ. ਸੀ. ਆਈ. ਬੈਂਕ ਦੇ ਮੁਲਾਂਕਣ ’ਚ 28,511.07 ਕਰੋਡ਼ ਰੁਪਏ ਦੀ ਗਿਰਾਵਟ ਆਈ ਅਤੇ ਇਹ 8,50,020.53 ਕਰੋਡ਼ ਰੁਪਏ ’ਤੇ ਆ ਗਿਆ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਬਾਜ਼ਾਰ ਹੈਸੀਅਤ 23,427.1 ਕਰੋਡ਼ ਰੁਪਏ ਘਟ ਕੇ 7,70,149.39 ਕਰੋਡ਼ ਰੁਪਏ ਰਹਿ ਗਈ। ਹਿੰਦੁਸਤਾਨ ਯੂਨੀਲਿਵਰ ਦਾ ਮੁਲਾਂਕਣ 3,500.89 ਕਰੋਡ਼ ਰੁਪਏ ਘਟ ਕੇ 6,37,150.41 ਕਰੋਡ਼ ਰੁਪਏ ’ਤੇ ਆ ਗਿਆ।


author

Harinder Kaur

Content Editor

Related News