ਪਿਛਲੇ ਸਾਲ 400 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਮਿਲਣ ਵਾਲਾ ਨਿੰਬੂ ਇਸ ਸਾਲ ਵੀ ਮਿਲੇਗਾ ਮਹਿੰਗਾ
Friday, Mar 17, 2023 - 12:12 PM (IST)
ਨਵੀਂ ਦਿੱਲੀ (ਅਨਸ) – ਗਰਮੀ ਸ਼ੁਰੂ ਹੁੰਦੇ ਹੀ ਨਿੰਬੂ ਦੇ ਰੇਟ ਅਸਮਾਨ ’ਤੇ ਪੁੱਜ ਗਏ ਹਨ। ਐੱਨ. ਸੀ. ਆਰ. ਵਿਚ ਰਿਟੇਲ ਮਾਰਕੀਟ ’ਚ ਨਿੰਬੂ ਦੇ ਰੇਟ 200 ਰੁਪਏ ਪ੍ਰਤੀ ਕਿਲੋ ਦੇ ਲਗਭਗ ਪੁੱਜ ਗਏ ਹਨ। ਸਬਜ਼ੀ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਇਸ ਸਮੇਂ ਨਿੰਬੂ ਦੀ ਬਾਜ਼ਾਰ ’ਚ ਆਮਦ ਘੱਟ ਹੈ ਅਤੇ ਗਰਮੀ ਸ਼ੁਰੂ ਹੁੰਦੇ ਹੀ ਮੰਗ ਵੀ ਵਧ ਜਾਂਦੀ ਹੈ, ਇਸ ਲਈ ਨਿੰਬੂ ਮਹਿੰਗਾ ਹੋਣਾ ਸ਼ੁਰੂ ਹੋ ਗਿਆ ਹੈ। ਇਕ ਸਬਜ਼ੀ ਵਿਕ੍ਰੇਤਾ ਮਯਨ ਰਾਠੌਰ ਦਾ ਕਹਿਣਾ ਹੈ ਕਿ ਇਸ ਸਮੇਂ ਗਰਮੀ ਸ਼ੁਰੂ ਹੁੰਦੇ ਹੀ ਨਿੰਬੂ ਦੀ ਮੰਗ ਜ਼ਿਆਦਾ ਹੋ ਜਾਂਦੀ ਹੈ ਪਰ ਉਸ ਹਿਸਾਬ ਨਾਲ ਉਸ ਦੀ ਸਪਲਾਈ ਮਾਰਕੀਟ ’ਚ ਨਹੀਂ ਹੁੰਦੀ, ਇਸ ਲਈ ਨਿੰਬੂ ਦੇ ਰੇਟ ਅਸਮਾਨ ’ਤੇ ਪੁੱਜ ਜਾਂਦੇ ਹਨ। ਦਿੱਲੀ ਦੇ ਇਕ ਦੁਕਾਨਦਾਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਰੇਟ ਹੋਰ ਵਧ ਸਕਦੇ ਹਨ ਕਿਉਂਕਿ ਪਿਛਲੇ ਸਾਲ ਨਿੰਬੂ ਦਾ ਭਾਅ ਪ੍ਰਚੂਨ ਬਾਜ਼ਾਰ ’ਚ 400 ਰੁਪਏ ਪ੍ਰਤੀ ਕਿਲੋ ਹੋ ਗਿਆ ਸੀ। ਇਸ ਸਾਲ ਫਿਰ ਅਜਿਹਾ ਹੋ ਸਕਦਾ ਹੈ।
ਇਹ ਵੀ ਪੜ੍ਹੋ : 37 ਹਜ਼ਾਰ ਫੁੱਟ ਦੀ ਉਚਾਈ 'ਤੇ SpiceJet ਦੇ ਪਾਇਲਟਾਂ ਨੇ ਕਾਕਪਿਟ ਅੰਦਰ ਕੀਤਾ ਇਹ ਕੰਮ, DGCA ਹੋਈ
ਗਰਮੀ ਵਧਣ ਕਾਰਣ ਘਟੀ ਸਪਲਾਈ
ਕਿਸਾਨਾਂ ਦਾ ਕਹਿਣਾ ਹੈ ਕਿ ਸਮੇਂ ਤੋਂ ਪਹਿਲਾਂ ਗਰਮੀ ਵਧੇਰੇ ਪੈਣ ਨਾਲ ਬੂਟਿਆਂ ’ਤੇ ਨਿੰਬੂ ਸੁੱਕ ਰਹੇ ਹਨ। ਸਹੀ ਤਰੀਕੇ ਨਾਲ ਪਾਣੀ ਨਾ ਮਿਲਣ ਅਤੇ ਗਰਮੀ ਹੌਲੀ-ਹੌਲੀ ਵਧਣ ਕਾਰਣ ਉਨ੍ਹਾਂ ਦੀ ਪੈਦਾਵਾਰ ਵੀ ਘਟ ਰਹੀ ਹੈ, ਇਸ ਲਈ ਨਿੰਬੂ ਦੀ ਸਪਲਾਈ ’ਚ ਕਮੀ ਆ ਗਈ ਹੈ। ਫਿਲਹਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਤੱਕ ਨਿੰਬੂ ਅਤੇ ਹੋਰ ਸਬਜ਼ੀਆਂ ਦੇ ਰੇਟ ਵੀ ਇਸ ਤਰ੍ਹਾਂ ਬਣੇ ਰਹਿਣਗੇ ਪਰ ਛੇਤੀ ਹੀ ਇਸ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਫਿਰ ਵੀ ਆਮ ਆਦਮੀ ਦੀ ਪਹੁੰਚ ਤੋਂ ਨਿੰਬੂ ਅਤੇ ਕੁੱਝ ਹੋਰ ਸਬਜ਼ੀਆਂ ਦੂਰ ਹੁੰਦੀਆਂ ਜਾ ਰਹੀਆਂ ਹਨ। ਥੋਕ ਬਾਜ਼ਾਰ ’ਚ ਵੀ ਨਿੰਬੂ ਦੇ ਰੇਟ 150 ਤੋਂ 160 ਰੁਪਏ ਪ੍ਰਤੀ ਕਿਲੋ ਪੁੱਜ ਗਏ ਹਨ।
ਇਹ ਵੀ ਪੜ੍ਹੋ : ਮੁਸ਼ਕਲਾਂ 'ਚ ਫਸੇ ਗੋਤਮ ਅਡਾਨੀ ਦੇ ਘਰ ਆਈ ਖ਼ੁਸ਼ੀ, ਹੀਰਾ ਕਾਰੋਬਾਰੀ ਦੀ ਧੀ ਨਾਲ ਹੋਈ ਪੁੱਤਰ ਦੀ ਮੰਗਣੀ
ਮੰਗ ਮੁਤਾਬਕ ਬਾਜ਼ਾਰ ’ਚ ਸਪਲਾਈ ਨਹੀਂ
ਨਿੰਬੂ ਦੀਆਂ ਕੀਮਤਾਂ ’ਚ ਅਚਾਨਕ ਵਾਧੇ ਨੂੰ ਲੈ ਕੇ ਥੋਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਸਮੇਤ ਦੇਸ਼ ਦੀਆਂ ਦੂਜੀਆਂ ਮੰਡੀਆਂ ’ਚ ਮੰਗ ਮੁਤਾਬਕ ਸਪਲਾਈ ਨਹੀਂ ਹੋ ਰਹੀ ਹੈ। ਇਸ ਕਾਰਣ ਬਾਜ਼ਾਰ ’ਚ ਨਿੰਬੂ ਦੇ ਰੇਟ ਤੇਜ਼ੀ ਨਾਲ ਵਧ ਰਹੇ ਹਨ। ਆਜ਼ਾਦਪੁਰ ਮੰਡੀ ’ਚ ਲਗਭਗ ਇਕ ਮਹੀਨਾ ਪਹਿਲਾ 60 ਤੋਂ 70 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਨਿੰਬੂ ਮਿਲ ਰਹੇ ਸਨ ਪਰ ਹੁਣ ਨਿੰਬੂ ਲਗਭਗ ਦੁੱਗਣੀ ਤੋਂ ਵੀ ਵੱਧ ਕੀਮਤ ’ਤੇ ਮਿਲ ਰਹੇ ਹਨ। ਇਸ ਕਾਰਣ ਰੇਹੜੀ-ਪਟੜੀ ਵਾਲੇ ਵਧੇਰੇ ਕੀਮਤ ਵਸੂਲ ਕਰਨ ਲਈ ਮਜਬੂਰ ਹਨ।
ਇਹ ਵੀ ਪੜ੍ਹੋ : RBI ਗਵਰਨਰ ਸ਼ਕਤੀਕਾਂਤ ਦਾਸ ਨੂੰ 'ਗਵਰਨਰ ਆਫ ਦਿ ਈਅਰ' ਨਾਲ ਕੀਤਾ ਗਿਆ ਸਨਮਾਨਿਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।