2000 ਰੁਪਏ ਦੇ ਕਰੰਸੀ ਨੋਟਾਂ ਦੀ ਘਾਟ, ਬੈਂਕਾਂ ਨੇ ਰਕਮ ਕਢਵਾਉਣ ''ਤੇ ਲਾਈ ਪਾਬੰਦੀ
Sunday, Feb 25, 2018 - 11:18 PM (IST)
ਹੈਦਰਾਬਾਦ— ਬੈਂਕਾਂ ਵਿਚ 2000 ਰੁਪਏ ਦੇ ਕਰੰਸੀ ਨੋਟਾਂ ਦੀ ਘਾਟ ਹੋ ਰਹੀ ਹੈ ਕਿਉਂਕਿ ਇਹ ਕਰੰਸੀ ਨੋਟ ਬੈਂਕਾਂ ਵਿਚ ਬੜੀ ਘੱਟ ਗਿਣਤੀ ਵਿਚ ਜਮ੍ਹਾ ਕਰਵਾਏ ਜਾ ਰਹੇ ਹਨ, ਨਤੀਜੇ ਵਜੋਂ ਨਕਦੀ ਵਿਚ ਘਾਟ ਆ ਗਈ ਹੈ। ਔਸਤਨ ਹਰੇਕ ਬੈਂਕ ਦੀ ਬ੍ਰਾਂਚ ਵਿਚ ਹਰ ਰੋਜ਼ 2000 ਰੁਪਏ ਦੇ ਕਰੰਸੀ ਨੋਟ ਕੁਲ 10 ਲੱਖ ਰੁਪਏ ਦੀ ਰਾਸ਼ੀ ਜਮ੍ਹਾ ਹੋ ਰਹੀ ਸੀ ਪਰ ਹੁਣ ਇਹ ਰਾਸ਼ੀ ਘਟ ਕੇ 4 ਲੱਖ ਰੁਪਏ ਤਕ ਰਹਿ ਗਈ ਹੈ। ਬੈਂਕਾਂ ਵਿਚ ਜਮ੍ਹਾ ਪੂੰਜੀ ਦੇ ਮੁਕਾਬਲੇ ਪੈਸਾ ਵਧੇਰੇ ਕੱਢਿਆ ਜਾ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਬੈਂਕਾਂ ਨੇ ਰਕਮ ਕਢਵਾਉਣ 'ਤੇ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਅਰਧ-ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਨਕਦੀ ਦੀ ਵੱਡੀ ਕਮੀ ਹੋ ਰਹੀ ਹੈ। ਬੈਂਕ ਕਰਮਚਾਰੀ ਫੈਡਰੇਸ਼ਨ, ਏ. ਪੀ. ਅਤੇ ਤੇਲੰਗਾਨਾ ਦੇ ਸਕੱਤਰ ਐੱਮ. ਐੱਸ. ਕੁਮਾਰ ਨੇ ਇਸ ਸਥਿਤੀ 'ਤੇ ਨਜ਼ਰ ਰਖਦਿਆਂ ਦੱਸਿਆ ਕਿ ਗਾਹਕਾਂ ਵੱਲੋਂ ਲਗਾਤਾਰ 2000 ਰੁਪਏ ਦੇ ਕਰੰਸੀ ਨੋਟਾਂ ਦੇ ਜਮ੍ਹਾ ਨਾ ਕਰਵਾਉਣ ਦੇ ਰੁਝਾਨ ਨੇ ਸਮੂਹ ਬੈਂਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਬੈਂਕਾਂ ਨੂੰ ਮਜਬੂਰਨ ਆਪਣੇ ਗਾਹਕਾਂ ਨੂੰ ਛੋਟੇ ਕਰੰਸੀ ਨੋਟਾਂ ਦੀ ਵੰਡ ਕਰਨੀ ਪੈ ਰਹੀ ਹੈ, ਜਿਸ ਨਾਲ ਛੋਟੇ ਨੋਟਾਂ ਦੀ ਕਰੰਸੀ ਬੜੀ ਜਲਦੀ ਘਟਦੀ ਜਾ ਰਹੀ ਹੈ। ਨਤੀਜੇ ਵਜੋਂ ਬੈਂਕ ਆਪਣੇ ਗਾਹਕਾਂ ਨੂੰ ਰਕਮ ਕਢਵਾਉਣ ਦੀ ਸਥਿਤੀ ਨੂੰ ਸੰਭਾਲ ਨਹੀਂ ਪਾ ਰਹੇ। ਇਸ ਪ੍ਰਕਿਰਿਆ ਨਾਲ ਬੈਂਕ ਸਟਾਫ ਅਤੇ ਗਾਹਕਾਂ ਦਰਮਿਆਨ ਤੂੰ-ਤੂੰ, ਮੈਂ-ਮੈਂ ਦੀਆਂ ਸ਼ਿਕਾਇਤਾਂ ਵਧਦੀਆਂ ਜਾ ਰਹੀਆਂ ਹਨ। ਬੈਂਕਰਾਂ ਦੀ ਸੂਬਾ ਪੱਧਰੀ ਇਕ ਕਮੇਟੀ ਦੇ ਮੁਖੀ ਐੱਸ. ਬੀ. ਆਈ. ਨੇ ਸੂਬਾ ਸਰਕਾਰ ਅਤੇ ਕੇਂਦਰੀ ਬੈਂਕ ਦੇ ਨੋਟਿਸ ਵਿਚ ਲਿਆਂਦਾ ਹੈ ਕਿ ਆਰ. ਬੀ. ਆਈ. ਵੱਲੋਂ ਸਪਲਾਈ ਕੀਤੇ ਜਾ ਰਹੇ 2000 ਰੁਪਏ ਦੇ ਕਰੰਸੀ ਨੋਟ ਬੈਂਕਾਂ ਤੱਕ ਠੀਕ ਢੰਗ ਨਾਲ ਨਹੀਂ ਪੁੱਜ ਰਹੇ।
ਵਿੱਤ ਮੰਤਰੀ ਇਟੇਲਾ ਰਾਜਿੰਦਰ ਨੇ ਆਰ. ਬੀ. ਆਈ. ਨੂੰ ਅਪੀਲ ਕੀਤੀ ਹੈ ਕਿ ਅਪ੍ਰੈਲ ਦੇ ਮਹੀਨੇ ਤੱਕ ਬੈਂਕਾਂ ਵਿਚ ਨਕਦੀ ਦੀ ਕਮੀ ਨੂੰ ਖਤਮ ਕਰਨ ਵਾਸਤੇ 5000 ਕਰੋੜ ਰੁਪਏ ਦੇ 2000 ਰੁਪਏ ਦੀ ਕਰੰਸੀ ਦੇ ਨੋਟ ਫੌਰੀ ਜਾਰੀ ਕਰੇ ਕਿਉਂਕਿ ਸੂਬਾ ਸਰਕਾਰ ਨੂੰ 18 ਅਪ੍ਰੈਲ ਤੋਂ ਬਾਅਦ ਸਾਉਣੀ ਮੌਸਮ ਲਈ ਨਿਵੇਸ਼ ਸਹਾਇਤਾ ਸਕੀਮ ਅਧੀਨ ਕਿਸਾਨਾਂ ਨੂੰ ਰਾਸ਼ੀ ਵੰਡਣ ਦੀ ਬਹੁਤ ਲੋੜ ਪੈਣੀ ਹੈ।
