ਬਿਰਲਾ ਵੱਲੋਂ Voda-Idea ''ਚ ਆਪਣੀ ਹਿੱਸੇਦਾਰੀ ਸਰਕਾਰ ਨੂੰ ਸੌਂਪਣ ਦੀ ਪੇਸ਼ਕਸ਼
Monday, Aug 02, 2021 - 05:42 PM (IST)
ਨਵੀਂ ਦਿੱਲੀ- ਵੋਡਾਫੋਨ-ਆਈਡੀਆ ਲਿਮਟਿਡ (ਵੀ. ਆਈ. ਐੱਲ.) ਦੇ ਕਰਜ਼ ਦੇ ਬੋਝ ਥੱਲ੍ਹੇ ਦੱਬੇ ਹੋਣ ਕਾਰਨ ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਵੀ. ਆਈ. ਐੱਲ. ਵਿਚ ਆਪਣੀ ਹਿੱਸੇਦਾਰੀ ਸਰਕਾਰ ਜਾਂ ਕਿਸੇ ਅਜਿਹੀ ਇਕਾਈ ਨੂੰ ਸੌਂਪਣ ਦੀ ਪੇਸ਼ਕਸ਼ ਕੀਤੀ ਹੈ ਜਿਸ ਨੂੰ ਸਰਕਾਰ ਸਮਝਦੀ ਹੈ ਕਿ ਉਹ ਕੰਪਨੀ ਦਾ ਸੰਚਾਲਨ ਜਾਰੀ ਰੱਖ ਸਕਦੀ ਹੈ।
ਬਿਰਲਾ ਨੇ ਜੂਨ ਵਿਚ ਕੈਬਨਿਟ ਸਕੱਤਰ ਰਾਜੀਵ ਗੌਬਾ ਨੂੰ ਲਿਖੇ ਪੱਤਰ ਵਿਚ ਇਹ ਪੇਸ਼ਕਸ਼ ਕੀਤੀ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਵੀ. ਆਈ. ਐੱਲ. 'ਤੇ ਏ. ਜੀ. ਆਰ. ਦੀ 58,254 ਕਰੋੜ ਰੁਪਏ ਦੀ ਦੇਣਦਾਰੀ ਹੈ। ਇਸ ਵਿਚੋਂ ਕੰਪਨੀ ਨੇ ਹਾਲੇ ਤੱਕ 7,854.37 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ ਅਤੇ ਅਜੇ ਵੀ 50,399.63 ਕਰੋੜ ਰੁਪਏ ਬਕਾਇਆ ਹੈ। ਵੀ. ਆਈ. ਐੱਲ. ਤੇ ਭਾਰਤੀ ਏਅਰਟੈੱਲ ਨੇ ਸਰਕਾਰ ਦੀ ਏ. ਜੀ. ਆਰ. ਦੀ ਗਣਨਾ ਵਿਚ ਸੁਧਾਰ ਲਈ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਸੀ ਪਰ ਉਨ੍ਹਾਂ ਦੀ ਇਹ ਅਪੀਲ ਰੱਦ ਹੋ ਗਈ।
ਬਿਰਲਾ ਦੀ ਵੀ. ਆਈ. ਐੱਲ. ਵਿਚ 27 ਫ਼ੀਸਦੀ ਹਿੱਸੇਦਾਰੀ ਹੈ। ਉਨ੍ਹਾਂ ਪੱਤਰ ਵਿਚ ਕਿਹਾ ਹੈ ਕਿ ਏ. ਜੀ. ਆਰ. ਦੇਣਦਾਰੀ, ਸਪੈਕਟ੍ਰਮ ਦੇ ਭੁਗਤਾਨ ਲਈ ਲੋੜੀਂਦਾ ਸਮਾਂ ਅਤੇ ਸਭ ਤੋਂ ਮਹੱਤਵਪੂਰਨ ਸੇਵਾਵਾਂ ਦੀਆਂ ਦਰਾਂ ਨੂੰ ਘੱਟੋ-ਘੱਟ ਕੀਮਤ ਤੋਂ ਉੱਪਰ ਰੱਖਣ ਦੀ ਵਿਵਸਥਾ ਨਾ ਹੋਣ ਕਾਰਨ ਨਿਵੇਸ਼ਕ ਕੰਪਨੀ ਵਿਚ ਨਿਵੇਸ਼ ਕਰਨ ਲਈ ਤਿਆਰ ਨਹੀਂ ਹਨ। ਬਿਰਲਾ ਨੇ ਇਹ ਪੱਤਰ 7 ਜੂਨ ਨੂੰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਜੁਲਾਈ ਤੱਕ ਇਨ੍ਹਾਂ ਤਿੰਨਾਂ ਮੁੱਦਿਆਂ 'ਤੇ ਸਰਕਾਰ ਵੱਲੋਂ ਤੁਰੰਤ ਸਰਗਰਮ ਸਹਿਯੋਗ ਨਾ ਮਿਲਣ ਵਿਚ ਵੀ. ਆਈ. ਐੱਲ. ਦੀ ਵਿੱਤੀ ਹਾਲਤ ਡੁੱਬਣ ਦੇ ਕੰਢੇ 'ਤੇ ਪਹੁੰਚ ਜਾਵੇਗੀ, ਜਿਸ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ। ਬਿਰਲਾ ਨੇ ਕਿਹਾ, “ਵੀ. ਆਈ. ਐੱਲ. ਨਾਲ ਜੁੜੇ 27 ਕਰੋੜ ਭਾਰਤੀਆਂ ਪ੍ਰਤੀ ਸਾਡਾ ਫਰਜ਼ ਹੈ। ਇਸ ਦੇ ਮੱਦੇਨਜ਼ਰ ਮੈਂ ਕੰਪਨੀ ਵਿਚ ਆਪਣੀ ਹਿੱਸੇਦਾਰੀ ਸਰਕਾਰ ਜਾਂ ਕਿਸੇ ਵੀ ਅਜਿਹੀ ਇਕਾਈ ਨੂੰ ਸਰਕਾਰ ਦੇ ਕਹਿਣ 'ਤੇ ਸੌਂਪਣ ਲਈ ਤਿਆਰ ਹਾਂ ਜੋ ਕੰਪਨੀ ਦੇ ਕੰਮਕਾਜ ਨੂੰ ਜਾਰੀ ਰੱਖਣ ਦੇ ਸਮਰੱਥ ਹੋਵੇ।”