ਜਾਣੋ ਸੋਨੇ ਦਾ ਅੱਜ ਦਾ ਮੁੱਲ

07/05/2017 3:29:48 PM

ਨਵੀਂ ਦਿੱਲੀ— ਸੰਸਾਰਕ ਪੱਧਰ 'ਤੇ ਮਜ਼ਬੂਤੀ ਦੇ ਬਾਵਜੂਦ ਘਰੇਲੂ ਗਹਿਣਾ ਵਿਕਰੇਤਾਵਾਂ ਵੱਲੋਂ ਸੁਸਤ ਮੰਗ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 90 ਰੁਪਏ ਘੱਟ ਕੇ 29,220 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਉੱਥੇ ਹੀ ਚਾਂਦੀ 435 ਰੁਪਏ ਵਧ ਕੇ 38,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਸੋਨਾ ਭਟੂਰ ਵੀ 90 ਰੁਪਏ ਦੀ ਗਿਰਾਵਟ ਨਾਲ 29,070 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,400 ਰੁਪਏ 'ਤੇ ਸਥਿਰ ਰਹੀ। ਮਾਹਰਾਂ ਦਾ ਕਹਿਣਾ ਕਿ ਸਥਾਨਕ ਜਿਵੈਲਰਾਂ ਅਤੇ ਰਿਟੇਲਰਾਂ ਵੱਲੋਂ ਮੰਗ ਘਟਣ ਕਾਰਨ ਸੋਨੇ ਦਾ ਮੁੱਲ ਡਿੱਗਿਆ ਹੈ ਪਰ ਸੰਸਾਰਕ ਪੱਧਰ ਦੀ ਮਜ਼ਬੂਤੀ ਨੇ ਕੀਮਤਾਂ ਨੂੰ ਹੋਰ ਡਿੱਗਣ ਨਹੀਂ ਦਿੱਤਾ।
ਕੌਮਾਂਤਰੀ ਪੱਧਰ 'ਤੇ ਸਿੰਗਾਪੁਰ ਦੇ ਬਾਜ਼ਾਰ 'ਚ ਸੋਨਾ 0.23 ਫੀਸਦੀ ਚੜ੍ਹ ਕੇ 1,222.50 ਡਾਲਰ ਪ੍ਰਤੀ ਔਂਸ 'ਤੇ ਰਿਹਾ। ਉੱਥੇ ਹੀ, ਭਵਿੱਖ 'ਚ ਕੀਮਤਾਂ 'ਚ ਤੇਜ਼ੀ ਦੀ ਉਮੀਦ ਨਾਲ ਅਗਸਤ ਦਾ ਅਮਰੀਕੀ ਸੋਨਾ ਵਾਇਦਾ 2.8 ਡਾਲਰ ਦੀ ਤੇਜ਼ੀ ਨਾਲ 1,222 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਨਿਵੇਸ਼ਕਾਂ ਦੀ ਨਜ਼ਰ ਅਮਰੀਕੀ ਫੈਡਰਲ ਰਿਜ਼ਰਵ ਦੀ ਜੂਨ 'ਚ ਹੋਈ ਬੈਠਕ ਦੇ ਵੇਰਵੇ 'ਤੇ ਹੈ। ਇਸ ਨਾਲ ਭਵਿੱਖ 'ਚ ਫੈਡਰਲ ਬੈਂਕ ਦੇ ਰੁਖ਼ ਬਾਰੇ ਕੁਝ ਸੰਕੇਤ ਮਿਲਣ ਦੀ ਉਮੀਦ ਹੈ। ਯੂਰਪ ਅਤੇ ਕੈਨੇਡਾ ਦੇ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ 'ਚ ਤੇਜ਼ੀ ਦੇ ਸੰਕੇਤ ਲਗਾਤਾਰ ਸੋਨੇ 'ਤੇ ਦਬਾਅ ਬਣਾਏ ਹੋਏ ਹਨ। ਹਾਲਾਂਕਿ, ਉੱਤਰੀ ਕੋਰੀਆ ਵੱਲੋਂ ਬੈਲੇਸਟਿਕ ਮਿਜ਼ਾਇਲ ਪ੍ਰੀਖਣ ਦੇ ਬਾਅਦ ਬਣੇ ਤਣਾਅ ਕਾਰਨ ਇਸ ਨੂੰ ਥੋੜ੍ਹਾ-ਬਹੁਤ ਸਮਰਥਨ ਵੀ ਮਿਲ ਰਿਹਾ ਹੈ। ਸੰਸਾਰਕ ਪੱਧਰ 'ਤੇ ਚਾਂਦੀ ਹਾਜ਼ਰ ਵੀ 0.04 ਡਾਲਰ ਟੁੱਟ ਕੇ 16.05 ਡਾਲਰ ਪ੍ਰਤੀ ਔਂਸ 'ਤੇ ਆ ਗਈ।  


Related News