ਕਿਸਾਨ ਅੰਦੋਲਨ ਦਾ ਅਸਰ, 30 ਫ਼ੀਸਦੀ ਘਟਿਆ ਟਰੈਕਟਰ ਅਤੇ ਖੇਤੀਬਾੜੀ ਯੰਤਰਾਂ ਦਾ ਕਾਰੋਬਾਰ

12/19/2020 5:24:23 PM

ਨਵੀਂ ਦਿਲੀ : ਇਕ ਪੰਦਰਵਾੜੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਹੌਲੀ-ਹੌਲੀ ਕਾਰੋਬਾਰ ’ਤੇ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਖੇਤੀਬਾੜੀ ’ਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਅਤੇ ਟਰੈਕਟਰਾਂ ਦੇ ਸਪੇਅਰ ਪਾਰਟਸ ਦਾ ਦੇਸ਼ ਦਾ ਸਭ ਤੋਂ ਵੱਡਾ ਬਾਜ਼ਾਰ ਮੋਰੀ ਗੇਟ ਦਾ ਕਾਰੋਬਾਰ ਮੰਦਾ ਹੋਣਾ ਸ਼ੁਰੂ ਹੋ ਗਿਆ ਹੈ। ਘਟਦੇ ਕਾਰੋਬਾਰ ਨੂੰ ਦੇਖ ਕੇ ਉਥੋਂ ਦੇ ਦੁਕਾਨਦਾਰ ਕਿਸਾਨ ਅੰਦੋਲਨ ਦੇ ਖ਼ਤਮ ਹੋਣ ਦੀ ਉਡੀਕ ਕਰਨ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕਿਸਾਨ ਹੀ ਖੇਤ ’ਚ ਨਹੀਂ ਹਨ ਤਾਂ ਮਸ਼ੀਨਾਂ ਅਤੇ ਟਰੈਕਟਰਾਂ ਦੀ ਬਾਤ ਕੌਣ ਪੁੱਛੇਗਾ। ਜਦੋਂ ਇਨ੍ਹਾਂ ਦਾ ਮੈਂਟਨੈਂਸ ਨਹੀਂ ਹੋਵੇਗਾ ਤਾਂ ਸਪੇਅਰ ਪਾਰਟ ਦੀ ਵਿਕਰੀ ਤਾਂ ਰੁਕੇਗੀ ਹੀ।

ਆਟੋਮੇਟਿਵ ਐਂਡ ਜਨਰਲ ਟ੍ਰੇਡਰਸ ਵੈੱਲਫੇਅਰ ਐਸੋਸੀਏਸ਼ਨ (ਏ. ਜੀ. ਟੀ. ਡਬਲਯੂ. ਏ.) ਦੇ ਪ੍ਰਧਾਨ ਨਿਰੰਜਨ ਪੋਦਾਰ ਨੇ ਦੱਸਿਆ ਕਿ ਕਿਸਾਨ ਅੰਦੋਲਨ ਕਾਰਣ 30 ਫ਼ੀਸਦੀ ਕਾਰੋਬਾਰ ਘੱਟ ਹੋ ਗਿਆ ਹੈ। ਉੱਤਰ ਭਾਰਤ ਦੇ ਹਰਿਆਣਾ, ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ’ਚ ਇਨ੍ਹਾਂ ਚੀਜ਼ਾਂ ਦਾ ਟ੍ਰੈਂਡ ਹਾਲੇ ਪੂਰੀ ਤਰ੍ਹਾਂ ਠੱਪ ਹੈ। ਇਨ੍ਹਾਂ ਸੂਬਿਆਂ ਤੋਂ ਇਲਾਵਾ ਬਿਹਾਰ, ਬੰਗਾਲ, ਉੜੀਸ਼ਾ, ਅਸਾਮ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਮਹਾਰਾਸ਼ਟਰ ਵਰਗੇ ਸੂਬਿਆਂ ਦੇ ਕਿਸਾਨ ਵੀ ਮੀਡੀਆ ’ਚ ਕਿਸਾਨ ਅੰਦੋਲਨ ਦੀ ਖ਼ਬਰ ਦੇਖ ਕੇ ਹੀ ਆਰਡਰ ਨਹੀਂ ਦੇ ਰਹੇ ਹਨ। ਸਰਹੱਦ ’ਤੇ ਆਵਾਜਾਈ ਠੱਪ ਹੋਣ ਨਾਲ ਉਂਝ ਹੀ ਟ੍ਰਾਂਸਪੋਰਟਰਸ ਨੇ ਵੀ ਰੇਟ ਵਧਾ ਦਿੱਤੇ ਹਨ। ਇਸ ਕਾਰਣ ਟ੍ਰੇਡਰਸ ਦੇ ਖਰਚੇ ਵਧ ਰਹੇ ਹਨ ਜਦੋਂ ਕਿ ਮਾਰਜਨ ਘੱਟ ਰਿਹਾ ਹੈ।

ਅੰਦੋਲਨ ’ਤੇ ਬੈਠੇ ਕਿਸਾਨ ਸਾਡੇ ਸਭ ਤੋਂ ਵੱਡੇ ਖ਼ਰੀਦਦਾਰ
ਏ. ਜੀ. ਟੀ. ਡਬਲਯੂ. ਏ. ਦੇ ਜਨਰਲ ਸਕੱਤਰ ਸਤਬੀਰ ਸਿੰਘ ਰੇਖੀ ਦਾ ਕਹਿਣਾ ਹੈ ਕਿ ਇਸ ਸਮੇਂ ਉਨ੍ਹਾਂ ਵਰਗੇ ਟਰੈਕਟਰ ਅਤੇ ਖੇਤੀਬਾੜੀ ਯੰਤਰਾਂ ਦੇ ਪਾਰਟਸ ਦਾ ਬਿਜਨੈੱਸ ਕਰਨ ਵਾਲੇ ਕਾਰੋਬਾਰੀ ਕਾਫੀ ਮੁਸੀਬਤ ’ਚ ਆ ਗਏ ਹਨ। ਉਨ੍ਹਾਂ ਦੇ ਗਾਹਕ ਤਾਂ ਕਿਸਾਨ ਹੀ ਹਨ, ਜੋ ਇਸ ਸਮੇਂ ਖੇਤਾਂ ਦੀ ਥਾਂ ਸੜਕਾਂ ’ਤੇ ਬੈਠੇ ਹਨ, ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿ ਭਵਿੱਖ ’ਚ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਪ੍ਰਭਾਵਿਤ ਹੋਣ ਵਾਲੇ ਵਰਗਾਂ ਦੀ ਰਾਏ ਪੁੱਛਣੀ ਚਾਹੀਦੀ ਹੈ ਤਾਂ ਕਿ ਅਜਿਹੀ ਭਿਆਨਕ ਸਥਿਤੀ ਸਾਹਮਣੇ ਨਾ ਆਵੇ।
 


cherry

Content Editor cherry