ਕਿਸਾਨ ਦੇਣਗੇ ਆਰਥਿਕਤਾ ਨੂੰ ਰਫ਼ਤਾਰ, ਬਿਜਾਈ ਰਕਬੇ ''ਚ ਇੰਨਾ ਵਾਧਾ

Sunday, Jul 26, 2020 - 04:18 PM (IST)

ਕਿਸਾਨ ਦੇਣਗੇ ਆਰਥਿਕਤਾ ਨੂੰ ਰਫ਼ਤਾਰ, ਬਿਜਾਈ ਰਕਬੇ ''ਚ ਇੰਨਾ ਵਾਧਾ

ਨਵੀਂ ਦਿੱਲੀ— ਜੁਲਾਈ ਦੇ ਤੀਜੇ ਹਫ਼ਤੇ ਵਿਚ ਅਨੁਕੂਲ ਬਾਰਸ਼ ਪੈਣ ਨਾਲ ਦੇਸ਼ ਵਿਚ ਸਾਉਣੀ ਦੀਆਂ ਪ੍ਰਮੁੱਖ ਫਸਲਾਂ ਦੀ ਬਿਜਾਈ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 18.50 ਫੀਸਦੀ ਵੱਧ ਗਈ ਹੈ।

ਇਹ ਜਾਣਕਾਰੀ ਖੇਤੀਬਾੜੀ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਵਿਚ ਦਿੱਤੀ ਗਈ ਹੈ। ਸਾਉਣੀ ਦੀਆਂ ਪ੍ਰਮੁੱਖ ਫਸਲਾਂ- ਝੋਨਾ, ਦਾਲਾਂ, ਮੋਟੇ ਅਨਾਜ ਅਤੇ ਤੇਲ ਬੀਜਾਂ ਦੀ ਬਿਜਾਈ ਦੇ ਅੰਕੜੇ ਦੱਸਦੇ ਹਨ ਕਿ ਇਸ ਸਾਲ 24 ਜੁਲਾਈ ਤੱਕ ਖੇਤਾਂ ਵਿਚ ਬਿਜਾਈ ਦਾ ਕੁੱਲ ਰਕਬਾ 799.95 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਇਸ ਦੌਰਾਨ ਸਾਉਣੀ ਸੀਜ਼ਨ ਵਿਚ 675.07 ਲੱਖ ਹੈਕਟੇਅਰ ਰਿਹਾ ਸੀ।

ਮਾਹਰਾਂ ਨੂੰ ਉਮੀਦ ਹੈ ਕਿ ਚੰਗੀ ਫਸਲ ਬਿਜਾਈ ਅਤੇ ਜ਼ਿਆਦਾ ਉਪਜ ਨਾਲ ਪੇਂਡੂ ਆਮਦਨ ਹੋਰ ਵਧੇਗੀ। ਮੰਤਰਾਲਾ ਦੇ ਅੰਕੜਿਆਂ ਮੁਤਾਬਕ, 24 ਜੁਲਾਈ ਤੱਕ ਝੋਨੇ ਦੀ ਬਿਜਾਈ 220.24 ਲੱਖ ਹੈਕਟੇਅਰ ਵਿਚ ਕੀਤੀ ਗਈ ਹੈ।
ਪਿਛਲੇ ਸਾਲ ਇਸ ਸਮੇਂ ਦੌਰਾਨ ਝੋਨੇ ਦੀ ਬਿਜਾਈ ਸਿਰਫ 187.70 ਲੱਖ ਹੈਕਟੇਅਰ ਵਿਚ ਹੋਈ ਸੀ। ਉੱਥੇ ਹੀ, ਦਾਲਾਂ ਦੇ ਕੁੱਲ 128.88 ਲੱਖ ਹੈਕਟੇਅਰ ਰਕਬੇ ਵਿਚੋਂ 99.71 ਲੱਖ ਹੈਕਟੇਅਰ ਰਕਬੇ ਵਿਚ ਬਿਜਾਈ ਹੋਈ ਹੈ, ਜੋ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ 25 ਫੀਸਦੀ ਵੱਧ ਹੈ। ਇਸ ਦੌਰਾਨ ਮੋਟੇ ਅਨਾਜ ਜਿਵੇਂ ਜਵਾਰ, ਬਾਜਰਾ, ਰਾਗੀ ਅਤੇ ਮੱਕੀ ਦੇ ਰਕਬੇ ਵਿਚ 16.83 ਲੱਖ ਹੈਕਟੇਅਰ ਦਾ ਵਾਧਾ ਹੋਇਆ ਹੈ, ਜਦੋਂ ਕਿ ਤੇਲ ਬੀਜਾਂ ਦਾ ਰਕਬਾ ਹੁਣ ਤੱਕ ਵੱਧ ਕੇ 32.80 ਲੱਖ ਹੈਕਟੇਅਰ ਹੋ ਗਿਆ ਹੈ।


author

Sanjeev

Content Editor

Related News