ਜੀਓ ਦੁਨੀਆ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ’ਚ ਸ਼ਾਮਲ

Wednesday, Apr 28, 2021 - 05:19 PM (IST)

ਨਵੀਂ ਦਿੱਲੀ– ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ਪਲੇਟਫਾਰਮਸ ਨੇ ‘ਟਾਈਮ’ ਮੈਗਜ਼ੀਨ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੀ ਸੂਚੀ ’ਚ ਜਗ੍ਹਾ ਬਣਾਈ ਹੈ। ਸੂਚੀ ’ਚ ਜੀਓ ਪਲੇਟਫਾਰਮ ਦਾ ਨਾਂ ਭਾਰਤ ’ਚ ਡਿਜੀਟਲ ਬਦਲਾਅ ਲਿਆਉਣ ਲਈ ਸ਼ਾਮਲ ਕੀਤਾ ਗਿਆ ਹੈ। ਟਾਈਮ ਮੈਗਜ਼ੀਨ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਜੀਓ ਨੇ ਭਾਰਤ ਦਾ ਸਭ ਤੋਂ ਵੱਡਾ 4ਜੀ ਨੈੱਟਵਰਕ ਤਿਆਰ ਕੀਤਾ ਹੈ। ਜੀਓ ਸਭ ਤੋਂ ਘੱਟ ਦਰਾਂ ’ਤੇ 4ਜੀ ਸਰਵਿਸ ਦੇ ਰਹੀ ਹੈ। ਇਕ ਜੀ.ਬੀ. ਡਾਟਾ ਰਿਲਾਇੰਸ ਜੀਓ 5 ਰੁਪਏ ਦੀ ਕਿਫਾਇਤੀ ਕੀਮਤ ’ਚ ਵੇਚ ਰਹੀ ਹੈ। ਮੈਗਜ਼ੀਨ ਨੇ ਕਿਹਾ ਕਿ ਦੁਨੀਆ ਭਰ ਦੇ ਨਿਵੇਸ਼ਕ ਰਿਲਾਇੰਸ ਇੰਡਸਟਰੀਜ਼ ਦੀ ਡਿਜੀਟਲ ਕੰਪਨੀ ਜੀਓ ਪਲੇਟਫਾਰਮਸ ’ਚ ਨਿਵੇਸ਼ ਕਰਨ ਲਈ ਤਿਆਰ ਖੜ੍ਹੇ ਹਨ। ਉਹ ਰਿਲਾਇੰਸ ਜੀਓ ਦੇ 41 ਕਰੋੜ ਉਪਭੋਗਤਾਵਾਂ ਤਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਸਾਲ ਜੀਓ ’ਚ 20 ਅਰਬ ਡਾਲਰ ਦਾ ਨਿਵੇਸ਼ ਆਇਆ ਹੈ, ਇਹ ਜੀਓ ਦੇ ਤੇਜ਼ੀ ਨਾਲ ਵਧਦੇ ਆਧਾਰ ਦੇ ਮੁੱਲ ਅਤੇ ਸਮਰਥਾ ਨੂੰ ਰੇਖਾਂਕਿਤ ਕਰਦਾ ਹੈ। 

ਜੀਓ ਪਲੇਟਫਾਰਮਸ ਫੇਸਬੁੱਕ ਦੇ ਨਾਲ ਮਿਲ ਕੇ ਵਟਸਐਪ-ਆਧਾਰਿਤ ਇਕ ਈ-ਕਾਮਰਸ ਪਲੇਟਫਾਰਮ ਵਿਕਸਿਤ ਕਰ ਰਹੀ ਹੈ। ਕਿਫਾਇਤੀ 5ਜੀ ਸਮਾਰਟਫੋਨ ਬਣਾਉਣ ਲਈ ਰਿਲਾਇੰਸ ਜੀਓ ਗੂਗਲ ਨਾਲ ਮਿਲ ਕੇ ਕੰਮ ਕਰ ਰਹੀ ਹੈ। ਜੀਓ ਪਲੇਟਫਾਰਮਸ ਲਿਮਟਿਡ ਨੂੰ ਭਾਰਤ ’ਚ ਡਿਜੀਟਲ ਬਦਲਾਅ ਲਈ ਇਨੋਵੇਟਰਸ ਸ਼੍ਰੇਣੀ ’ਚ ਰੱਖਿਆ ਗਿਆ ਹੈ। ਜੀਓ ਪਲੇਟਫਾਰਮ ਭਾਰਤ ਦੀ ਇਕਮਾਤਰ ਕੰਪਨੀ ਹੈ ਜਿਸ ਨੇ ਇਨੋਵੇਟਰਸ ਸ਼੍ਰੇਣੀ ’ਚ ਜਗ੍ਹਾ ਬਣਾਈ ਹੈ, ਇਸ ਕੈਟਾਗਿਰੀ ’ਚ ਨੈੱਟਫਲਿਕਸ, ਨਿੰਟੈਂਡੋ, ਮਾਡਰਨਾਂ, ਦਿ ਲੋਗੋ ਗਰੁੱਪ, ਸਪੋਟੀਫਾਈ ਵਰਗੀਆਂ ਹੋਰ ਗਲੋਬਲ ਕੰਪਨੀਆਂ ਹਨ। ਸੂਚੀ ’ਚ ਰਿਲਾਇੰਸ ਜੀਓ ਤੋਂ ਇਲਾਵਾ ਭਾਰਤ ਤੋਂ ਸਿੱਖਿਆ ਦੇ ਖੇਤਰ ’ਚ ਕੰਮ ਕਰਨ ਵਾਲੀ ਕੰਪਨੀ ਬਾਇਜੂ ਵੀ ਸ਼ਾਮਲ ਹੈ। ਸੂਚੀ ’ਚ ਸਿਹਤ ਦੇਖਭਾਲ, ਮਨੋਰੰਜਨ, ਟਰਾਂਸਪੋਰਟ ਅਤੇ ਤਕਨੀਕੀ ਸਮੇਤ ਵੱਖ-ਵੱਖ ਖੇਤਰ ਦੀਆਂ ਕੰਪਨੀਆਂ ਸ਼ਾਮਲ ਹਨ। 


Rakesh

Content Editor

Related News