ਜੌਹਰੀਆਂ ਦੀ ਦੀਵਾਲੀ ਇਸ ਸਾਲ ਰਹਿ ਸਕਦੀ ਹੈ ਫਿੱਕੀ!

10/10/2019 10:39:28 AM

ਨਵੀਂ ਦਿੱਲੀ — ਹਰ ਸਾਲ ਦੀਵਾਲੀ 'ਤੇ ਮੋਟੀ ਕਮਾਈ ਕਰਨ ਵਾਲੇ ਜੌਹਰੀਆਂ ਲਈ ਇਸ ਸਾਲ ਦੀ ਦਿਵਾਲੀ ਸੁੱਕੀ ਤਾਂ ਨਹੀਂ ਪਰ ਫਿੱਕੀ ਰਹਿਣ ਦੇ ਆਸਾਰ ਦਿਖਾਈ ਦੇ ਰਹੇ ਹਨ। ਸੋਨੇ ਦੀ ਆਸਮਾਨ ਛੂਹਦੀਆਂ ਕੀਮਤਾਂ ਇਸ ਵਾਰ ਦੇਸ਼ ਦੇ ਬਹੁਤੇ ਗਾਹਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਇਸ ਕਾਰਨ ਲੋਕ ਸੋਨੇ ਦੀ ਖਰੀਦਦਾਰੀ 'ਚ ਘੱਟ ਦਿਲਚਸਪੀ ਲੈ ਰਹੇ ਹਨ। ਇਸ ਸਾਲ ਦੇ ਦੁਸਹਿਰੇ 'ਤੇ ਨਿਰਾਸ਼ਾਜਨਕ ਖਰੀਦ ਵੀ ਦੀਵਾਲੀ 'ਤੇ ਸੋਨੇ ਦੀ ਸੁਸਤ ਵਿਕਰੀ ਵੱਲ ਇਸ਼ਾਰਾ ਕਰ ਰਹੀ ਹੈ। ਦੁਸਹਿਰੇ ਦੇ ਮੌਕੇ 'ਤੇ ਕੁਝ ਜੌਹਰੀਆਂ ਨੇ ਸਵੀਕਾਰ ਕੀਤਾ ਕਿ ਪਿਛਲੇ ਦੁਸਹਿਰੇ ਦੀ ਤੁਲਨਾ 'ਚ ਇਸ ਵਾਰ ਦੀ ਖਰੀਦ 'ਚ 50-80 ਫੀਸਦੀ ਤੱਕ ਦੀ ਗਿਰਾਵਟ ਆਈ ਹੈ। 

ਦੁਨੀਆ ਦੇ ਦੂਜੇ ਸਭ ਤੋਂ ਵੱਡੇ ਉਪਭੋਗਤਾ ਦੇਸ਼ 'ਚ ਮੰਗ 'ਤੇ ਦਬਾਅ ਵੀ ਫਿੱਕੀ ਦੀਵਾਲੀ ਵੱਲ ਇਸ਼ਾਰਾ ਕਰ ਰਹੇ ਹਨ ਕਿਉਂਕਿ ਆਉਂਦੇ ਭਵਿੱਖ 'ਚ ਜਲਦੀ ਕਿਤੇ ਸੋਨੇ ਦੀਆਂ ਕੀਮਤਾਂ ਦੇ ਘਟਣ ਦੇ ਕੋਈ ਆਸਾਰ ਨਹੀਂ ਦਿਖ ਰਹੇ ਹਨ।

ਮੁੰਬਈ ਦਾ ਥੋਕ ਬਜ਼ਾਰ

ਜਾਵੇਰੀ ਬਜ਼ਾਰ 'ਚ ਅੱਜ ਸਟੈਂਡਰਡ ਸੋਨੇ ਦਾ ਭਾਅ ਪ੍ਰਤੀ 10 ਗ੍ਰਾਮ 38,200 ਰੁਪਏ ਰਿਹਾ। ਤਿੰਨ ਫੀਸਦੀ ਜੀ.ਐਸ.ਟੀ. ਦੇ ਨਾਲ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ 40,000 ਰੁਪਏ ਬਣਦੀ ਹੈ। ਕੀਮਤ ਦਾ ਇਹ ਪੱਧਰ ਪਿਛਲੀ ਦੀਵਾਲੀ 'ਤੇ ਸਟੈਂਡਰਡ ਸੋਨੇ ਦੀਆਂ ਕੀਮਤਾਂ ਤੋਂ 20 ਫੀਸਦੀ ਜ਼ਿਆਦਾ ਹੈ। 

ਇਥੋਂ ਤੱਕ ਕਿ ਸਤੰਬਰ 'ਚ ਸੋਨੇ ਦਾ ਆਯਾਤ 26 ਟਨ ਰਿਹਾ ਜਿਹੜਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਭ ਤੋਂ ਘੱਟ ਮਹੀਨਾਵਾਰ ਆਯਾਤ ਹੈ। ਇਹ ਸਤੰਬਰ 2018 ਦੀ ਤੁਲਨਾ 'ਚ ਲਗਭਗ 80 ਫੀਸਦੀ ਘੱਟ ਹੈ। 

ਛੋਟ 'ਚ ਗਿਰਾਵਟ ਆਉਣ ਕਾਰਨ ਪਿਛਲੇ ਦਿਨਾਂ 'ਚ ਸੋਨੇ ਦੀ ਕੀਮਤ ਤੇਜ਼ੀ ਨਾਲ ਵਧੀ ਹੈ। ਥੋਕ ਬਜ਼ਾਰ 'ਚ ਸੋਨਾ ਪ੍ਰਤੀ ਔਂਸ ਕਰੀਬ 55-57 ਡਾਲਰ ਜਾਂ ਪ੍ਰਤੀ 10 ਗ੍ਰਾਮ 1,100-1,200 ਰੁਪਏ ਦੀ ਛੋਟ 'ਤੇ ਵਿਕ ਰਿਹਾ ਸੀ, ਜਦੋਂਕਿ ਅਧਿਕਾਰਕ ਰੂਪ ਨਾਲ ਆਯਾਤਿਤ ਸੋਨੇ ਦੀ ਕੀਮਤ ਅੱਜ ਪ੍ਰਤੀ 10 ਗ੍ਰਾਮ 400 ਰੁਪਏ ਜਾਂ ਪ੍ਰਤੀ ਔਂਸ 20 ਡਾਲਰ ਛੋਟ ਦੇ ਨਾਲ ਬੋਲੀ ਗਈ। ਇਸ ਨਾਲ ਥੋਕ ਬਜ਼ਾਰਾਂ 'ਚ ਸੋਨੇ ਦੇ ਕੀਮਤ 'ਚ ਵਾਧਾ ਹੋਇਆ। ਛੋਟ 'ਚ ਕਰੀਬ ਇਕ ਤਿਹਾਈ ਦੀ ਇਸ ਕਟੌਤੀ ਦਾ ਜ਼ਿੰਮੇਵਾਰ ਸਪਲਾਈ ਦੀ ਕਮੀ ਨੂੰ ਮੰਨਿਆ ਜਾ ਰਿਹਾ ਹੈ। ਮਸ਼ੀਨ ਨਾਲ ਬਣੇ ਗਹਿਣੇ ਅਤੇ ਸਿੱਕਿਆਂ ਲਈ ਚਾਰਜ ਮੁਕਤ ਸੋਨੇ ਦੇ ਆਯਾਤ ਦੀ ਸਹੂਲਤ ਵਾਪਸ ਲਏ ਜਾਣ ਦੇ ਬਾਅਦ ਸਪਲਾਈ 'ਚ ਹੋਰ ਕਮੀ ਆਈ ਹੈ।


Related News