Amazon ਦੇ ਸੀ. ਈ. ਓ. ਅਹੁਦੇ ਤੋਂ ਅਸਤੀਫ਼ਾ ਦੇਣਗੇ 57 ਸਾਲਾ ਜੈਫ ਬੇਜੋਸ
Wednesday, Feb 03, 2021 - 09:01 AM (IST)

ਵਾਸ਼ਿੰਗਟਨ- ਐਮਾਜ਼ੋਨ ਦੇ ਬਾਨੀ ਜੈਫ ਬੇਜੋਸ ਨੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਹੁਦੇ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਹੈ। ਕਰਮਚਾਰੀਆਂ ਨੂੰ ਭੇਜੀ ਚਿੱਠੀ ਵਿਚ ਬੇਜੋਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੰਪਨੀ ਵਿਚ ਸੀ. ਈ. ਓ. ਦੀ ਭੂਮਿਕਾ ਤੋਂ ਤਿਆਗ ਪੱਤਰ ਦੇ ਰਹੇ ਹਨ।
ਉਨ੍ਹਾਂ ਕਿਹਾ, “ਮੈਂ ਇਹ ਐਲਾਨ ਕਰਨ ਲਈ ਉਤਸ਼ਾਹਤ ਹਾਂ ਕਿ ਮੈਂ ਐਮਾਜ਼ੋਨ ਬੋਰਡ ਦੇ ਕਾਰਜਕਾਰੀ ਚੇਅਰਮੈਨ ਦੀ ਭੂਮਿਕਾ ਨਿਭਾਵਾਂਗਾ ਅਤੇ ਐਂਡੀ ਜੇਸੀ ਕੰਪਨੀ ਦੇ ਸੀ. ਈ. ਓ. ਹੋਣਗੇ।”
ਬੇਜੋਸ ਨੇ ਕਿਹਾ ਕਿ ਐਮਾਜ਼ੋਨ ਬੋਰਡ ਆਫ਼ ਡਾਇਰੈਕਟਰਜ਼ ਦੇ ਕਾਰਜਕਾਰੀ ਚੇਅਰਮੈਨ ਵਜੋਂ ਉਨ੍ਹਾਂ ਕੰਪਨੀ ਨਾਲ ਜੁੜੇ ਰਹਿਣ ਦੀ ਮਨਜ਼ੂਰੀ ਮਿਲੇਗੀ। ਇਸ ਦੇ ਨਾਲ ਹੀ ਜੈਫ ਬੇਜੋਸ ਡੇਅ ਵਨ ਫੰਡ, ਬੇਜੋਸ ਅਰਥ ਫੰਡ, ਬਲੂ ਓਰਿਜਨ, ਦਿ ਵਾਸ਼ਿੰਗਟਨ ਪੋਸਟ ਅਤੇ ਹੋਰਨਾਂ ਮਾਮਲਿਆਂ 'ਤੇ ਧਿਆਨ ਕੇਂਦਰਤ ਕਰਨ ਲਈ ਵੀ ਸਮਾਂ ਦੇ ਸਕਣਗੇ। 57 ਸਾਲਾ ਬੇਜੋਸ ਨੇ 1994 ਵਿਚ ਐਮਾਜ਼ੋਨ ਦੀ ਸਥਾਪਨਾ ਕੀਤੀ ਸੀ ਅਤੇ ਇਸ ਨੂੰ ਦੁਨੀਆ ਦੀਆਂ ਸਭ ਤੋਂ ਵੱਡੀ ਕੰਪਨੀਆਂ ਵਿਚੋਂ ਇਕ ਬਣਾਇਆ ਹੈ। ਐਮਾਜ਼ਾਨ ਦੇ ਸੀ. ਈ. ਓ. ਜੈੱਫ ਬੇਜੋਸ ਇਸ ਸਾਲ ਦੇ ਅਖੀਰ ਵਿਚ ਆਪਣਾ ਅਹੁਦਾ ਛੱਡਣਗੇ।