ਇਹ ਕਾਰਾਂ ਖਰੀਦਣਾ ਨਹੀਂ ਹੋਵੇਗਾ ਆਸਾਨ, ਜੀ. ਐੱਸ. ਟੀ. ਲਾਵੇਗਾ ਬਰੇਕ!

06/25/2017 7:40:55 AM

ਨਵੀਂ ਦਿੱਲੀ— ਹੁਣ ਮਾਰੂਤੀ ਸੁਜ਼ੂਕੀ ਦੀ ਸਿਆਜ, ਅਰਟਿਗਾ ਅਤੇ ਹੌਂਡਾ ਦੀ ਐਕਾਰਡ ਖਰੀਦਣਾ ਮਹਿੰਗਾ ਹੋ ਜਾਵੇਗਾ। ਉੱਥੇ ਹੀ ਟੋਇਟਾ ਦੀ ਕੈਮਰੀ, ਪ੍ਰਿਅਸ ਵਰਗੇ ਵਾਹਨ 'ਤੇ ਵੀ ਜੀ. ਐੱਸ. ਟੀ. ਦੀ ਮਾਰ ਪਵੇਗੀ। ਜਾਪਾਨ ਦੀ ਪ੍ਰਮੁੱਖ ਕੰਪਨੀ ਟੋਇਟਾ ਨੇ ਪਿਛਲੇ ਸਾਲ ਦੁਨੀਆ ਭਰ 'ਚ 1 ਕਰੋੜ ਹਾਈਬ੍ਰਿਡ ਵਾਹਨਾਂ ਦੀ ਵਿਕਰੀ ਕੀਤੀ ਪਰ ਭਾਰਤ 'ਚ ਇਨ੍ਹਾਂ ਵਾਹਨਾਂ 'ਤੇ ਜੀ. ਐੱਸ. ਟੀ. ਦੀ ਉੱਚ ਦਰ ਹੋਣ ਕਾਰਨ ਇੱਥੇ ਉਸ ਨੂੰ ਕੁਝ ਹਜ਼ਾਰ ਹਾਈਬ੍ਰਿਡ ਵਾਹਨ ਵੇਚਣੇ ਵੀ ਮੁਸ਼ਕਿਲ ਹੋ ਸਕਦੇ ਹਨ। ਭਾਰਤ ਦੁਨੀਆ ਦਾ ਪੰਜਵਾ ਸਭ ਤੋਂ ਵੱਡਾ ਕਾਰ ਬਾਜ਼ਾਰ ਹੈ ਅਤੇ ਇੱਥੇ 1 ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋਣ ਜਾ ਰਿਹਾ ਹੈ। ਇਸ ਤਹਿਤ ਹਾਈਬ੍ਰਿਡ ਕਾਰਾਂ 'ਤੇ ਲਗਜ਼ਰੀ ਕਾਰਾਂ ਦੀ ਤਰ੍ਹਾਂ 43 ਫੀਸਦੀ ਟੈਕਸ ਲੱਗੇਗਾ। ਜਿਸ 'ਚ 28 ਫੀਸਦੀ ਟੈਕਸ ਤੇ 15 ਫੀਸਦੀ ਸੈੱਸ ਸ਼ਾਮਲ ਹੈ। ਜਦੋਂ ਕਿ ਫਿਲਹਾਲ ਹਾਈਬ੍ਰਿਡ ਕਾਰਾਂ 'ਤੇ 30 ਫੀਸਦੀ ਟੈਕਸ ਲੱਗਦਾ ਹੈ।
ਅਜੇ ਸੂਬਿਆਂ 'ਚ ਮੌਜੂਦਾ ਟੈਕਸਾਂ 'ਚ ਬਹੁਤ ਫਰਕ ਹੈ। ਅਜਿਹੇ 'ਚ ਜੀ. ਐੱਸ. ਟੀ ਕਾਰਨ ਕੀਮਤਾਂ 'ਚ ਅਚਾਨਕ ਵਾਧਾ ਹੋਣ ਨਾਲ ਖਰੀਦ ਪ੍ਰਭਾਵਿਤ ਹੋ ਸਕਦੀ ਹੈ। ਟੋਇਟਾ ਨੇ 2013 'ਚ ਕੈਮਰੀ ਹਾਈਬ੍ਰਿਡ ਨੂੰ ਬਾਜ਼ਾਰ 'ਚ ਉਤਾਰਨ ਦੇ ਬਾਅਦ ਇਸੇ ਸਾਲ ਦੇ ਸ਼ੁਰੂ 'ਚ ਇਕ ਹੋਰ ਮਾਡਲ ਫਰਵਰੀ 'ਚ ਪ੍ਰਿਅਸ ਹਾਈਬ੍ਰਿਡ ਨੂੰ ਉਤਾਰਿਆ ਹੈ। ਅਗਲੇ ਮਹੀਨੇ ਤੋਂ ਕੈਮਰੀ ਦਾ ਮੁੱਲ 3 ਲੱਖ ਰੁਪਏ ਵਧ ਕੇ 33 ਲੱਖ ਰੁਪਏ ਹੋ ਜਾਵੇਗਾ। ਭਾਰਤ 'ਚ ਇਸੇ ਸਾਲ ਮਾਰਚ 'ਚ ਲਗਜ਼ਰੀ ਹਾਈਬ੍ਰਿਡ ਕਾਰਾਂ ਦੇ ਨਾਲ ਉਤਾਰੀ ਗਈ ਟੋਇਟਾ ਦੀ ਲਗਜ਼ਰੀ ਬਰਾਂਡ ਲੈਕਸਸ ਵੀ ਇਸ ਨਾਲ ਪ੍ਰਭਾਵਿਤ ਹੋਵੇਗੀ। 
ਜੀ. ਐੱਸ. ਟੀ. 'ਚ ਟੈਕਸ ਦੀ ਉੱਚ ਦਰ ਕਾਰਨ ਨਾ ਸਿਰਫ ਟੋਇਟਾ ਅਤੇ ਹੁੰਡਈ ਸਗੋਂ ਘਰੇਲੂ ਬਾਜ਼ਾਰ ਦੀ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਵਰਗੀਆਂ ਕਾਰ ਕੰਪਨੀਆਂ ਨੂੰ ਵੀ ਝਟਕਾ ਲੱਗ ਸਕਦਾ ਹੈ। ਹਾਲਾਂਕਿ ਸਹੀ ਸਥਿਤੀ ਕੀ ਹੋਵੇਗੀ ਇਹ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਹੀ ਪੂਰੀ ਤਰ੍ਹਾਂ ਸਾਫ ਹੋਵੇਗੀ।


Related News