ਕੀ ਚੀਨ ਭਾਰਤ ਨੂੰ ਪੁਨਰ–ਸਥਾਪਨਸ਼ੀਲ ਅਫਰੀਕੀ ਬਾਜ਼ਾਰ ਤੋਂ ਬਾਹਰ ਕੱਢ ਰਿਹਾ ਹੈ
Sunday, Dec 19, 2021 - 01:22 PM (IST)
ਭਾਰਤੀ ਕੰਪਨੀਆਂ 117 ਅਰਬ ਡਾਲਰ ਦੇ ਦੋਪੱਖੀ ਵਪਾਰ ਦਾ ਦਾਅਵਾ ਕਰਦੀਆਂ ਹੋਈਆਂ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਅਫਰੀਕੀ ਮਹਾਦੀਪ ਨੂੰ ਬਰਾਮਦ ਕਰ ਰਹੀਆਂ ਹਨ। ਹਾਲਾਂਕਿ ਅਸੀਂ ਭਾਰਤ ਵੱਲੋਂ ਅਫਰੀਕੀ ਮਹਾਦੀਪ ਨੂੰ ਬਰਾਮਦ ਦੇ ਸੰਦਰਭ ’ਚ ਪ੍ਰੇਸ਼ਾਨ ਕਰਨ ਵਾਲੇ ਮੁੱਢਲੇ ਰੁਝਾਨਾਂ ਨੂੰ ਦੇਖ ਰਹੇ ਹਾਂ, ਇਕ ਅਜਿਹੇ ਸਮੇਂ ’ਚ, ਜਦੋਂ ਅਸੀਂ ਇਸ ਦੀ ਅਰਥਵਿਵਸਥਾ ਅਤੇ ਪ੍ਰਤੀ ਵਿਅਕਤੀ ਆਮਦਨ ’ਚ ਪੁਨਰ ਉੱਥਾਨ ਦੀ ਆਸ ਕਰ ਰਹੇ ਹਾਂ। ਜੇਕਰ ਅਸੀਂ ਉਨ੍ਹਾਂ ਸੰਕੇਤਾਂ ਦਾ ਅਧਿਐਨ ਕਰਦੇ ਹਾਂ, ਜੋ ਆਸਨ ਖਤਰਿਆਂ ਨੂੰ ਦਰਸਾਉਂਦੇ ਹਨ ਤਾਂ ਇਹ ਮੌਕਿਆਂ ਦਾ ਲਾਭ ਉਠਾਉਣ ਜਾਂ ਬਦਲਦੀ ਸਥਿਤੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਨੂੰ ਦੂਰ ਕਰਨ ਲਈ ਰਣਨੀਤੀਆਂ ’ਚ ਮਦਦ ਕਰ ਸਕਦਾ ਹੈ।
ਪਹਿਲਾ ਸੰਕੇਤ ਇਹ ਕਿ ਅਫਰੀਕਾ ’ਚ ਸਿਰੇਮਿਕ ਟਾਈਲਾਂ ਦੀ ਮੰਗ 2019 ’ਚ ਵਧ ਕੇ ਇਕ ਅਰਬ ਵਰਗ ਮੀਟਰ ਤੋਂ ਵੱਧ ਹੋ ਗਈ, ਜੋ 2008 ਤੋਂ 46 ਫੀਸਦੀ ਵਧੀ ਹੈ। ਹਾਲਾਂਕਿ, 2019 ’ਚ ਅਫਰੀਕੀ ਉਤਪਾਦਨ 759 ਮਿਲੀਅਨ ਵਰਗ ਮੀਟਰ ਸੀ ਜੋ ਇਸ ਦੀ ਕੁਲ ਮੰਗ ਦਾ 76 ਫੀਸਦੀ ਹੈ। 2020 ਦੇ ਦੌਰਾਨ, ਭਾਰਤ ਨੇ ਅਫਰੀਕਾ ’ਚ ਕੁਲ ਟਾਈਲ ਦਰਾਮਦ ਦਾ 12.54 ਫੀਸਦੀ ਦਰਾਮਦ ਕੀਤਾ, ਜੋ 1.18 ਬਿਲੀਅਨ ਡਾਲਰ ਸੀ। ਹਾਲਾਂਕਿ, ਜਿਸ ਦਰ ਤੋਂ ਚੀਨੀ ਉੱਦਮੀ ਉਪ-ਸਹਾਰਾ ਅਫਰੀਕਾ ’ਚ ਸਿਰੇਮਿਕ ਟਾਈਲ ਕਾਰਖਾਨੇ ਸਥਾਪਿਤ ਕਰ ਰਹੇ ਹਨ, ਕੁਲ ਭਾਰਤੀ ਦਰਾਮਦ ਨਿਸ਼ਚਿਤ ਤੌਰ ’ਤੇ 2025 ਦੇ ਬਾਅਦ ਘੱਟ ਹੋ ਸਕਦੀ ਹੈ।
ਮੌਜੂਦਾ ਸਮੇਂ ’ਚ 10 ਚੀਨੀ ਗ੍ਰੀਨਫੀਲਡ ਕਾਰਖਾਨੇ (ਜਾਂ ਸ਼ਾਇਦ 13) ਪਾਈਪਲਾਈਨ ’ਚ ਹਨ ਅਤੇ 6 ਪਹਿਲਾਂ ਹੀ ਤਨਜਾਨੀਆਂ, ਕੀਨੀਆ, ਯੁਗਾਂਡਾ ਅਤੇ ਘਾਨਾ (2 ਪਲਾਂਟ) ’ਚ ਚਾਲੂ ਹੋ ਚੁੱਕੇ ਹਨ। ਭਾਰਤ ’ਚ ਸਿਰੇਮਿਕ ਟਾਈਲ ਬਰਾਮਦਕਾਰ ਅਤੇ ਹੋਰ ਹਿੱਤਧਾਰਕ, ਜੋ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਉਤਪਾਦਕ ਅਤੇ ਚੌਥੇ ਸਭ ਤੋਂ ਵੱਡੇ ਦਰਾਮਦਕਾਰ ਹਨ, ਇਸ ਵਿਕਾਸ ਦਾ ਨੋਟਿਸ ਲੈਣ ਲਈ ਅਣਜਾਣ ਜਾਂ ਅਣਇੱਛੁਕ ਹਨ।
ਨਾਈਜੀਰੀਆ ਨੇ 2014 ’ਚ ਚੀਨ ਤੋਂ 7.40 ਕਰੋੜ ਵਰਗ ਮੀਟਰ ਦੀ ਦਰਾਮਦ ਕੀਤੀ ਪਰ 2018 ’ਚ ਇਹ ਡਿੱਗ ਕੇ 50 ਲੱਖ ਵਰਗ ਮੀਟਰ ਹੋ ਗਈ। ਘਰੇਲੂ ਉਤਪਾਦਨ ਤੇਜ਼ੀ ਨਾਲ ਵਧ ਕੇ 100 ਮਿਲੀਅਨ ਵਰਗ ਮੀਟਰ/ਸਾਲ ਤੱਕ ਪਹੁੰਚ ਗਿਆ। ਕੀਨੀਆ, ਅੰਗੋਲਾ, ਘਾਨਾ, ਤਨਜਾਨੀਆ ਅਤੇ ਯੁਗਾਂਡਾ ਪ੍ਰਤੱਖ ਅਤੇ ਗੈਰ–ਪ੍ਰਤੱਖ ਚੀਨੀ ਨਿਵੇਸ਼ ਦੇ ਕਾਰਨ 1 ਕਰੋੜ ਵਰਗ ਮੀਟਰ/ਸਾਲ ਤੋਂ 3 ਵਰਗ ਮੀਟਰ/ਸਾਲ ਉਤਪਾਦਨ ਤੱਕ ਪਹੁੰਚ ਗਏ ਹਨ।
ਭਾਰਤ ਨਾਲੋਂ ਇਕ ਹੋਰ ਵੱਡਾ ਬਰਾਮਦਕਾਰ ਫਾਰਮਾਸਿਊਟੀਕਲਜ਼ ਹੈ ਅਤੇ ਇਸ ਖੇਤਰ ’ਚ ਵੀ ਚੀਨ ਤੋਂ ਇਸੇ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ। ਚੀਨ ਨੇ ਪਹਿਲੇ ਕਦਮ ਦੇ ਤੌਰ ’ਤੇ ਇਥੋਪੀਆ ’ਚ ਇਕ ਫਾਰਮਾ ਉਦਯੋਗਿਕ ਪਾਰਕ ਦਾ ਨਿਰਮਾਣ ਕੀਤਾ ਹੈ। ਇੱਥੋਂ ਦੀ ਸਰਕਾਰ ਚਾਹੁੰਦੀ ਹੈ ਕਿ ਇਹ ਦੇਸ਼ ਅਫਰੀਕਾ ਦਾ ਫਾਰਮਾਸਿਊਟੀਕਲ ਹੱਬ ਬਣੇ। ਦੋ ਚੀਨੀ ਕੰਪਨੀਆਂ ਨੇ ਇਥੋਪੀਆ ’ਚ ਵਿਸ਼ਵ ਪੱਧਰੀ ਆਧੁਨਿਕ ਬਿਲੀਅਨ ਟੈਬਲੇਟ/ਕੈਪਸੂਲ ਪਲਾਂਟ ਬਣਾਏ ਹਨ ਜੋ ਪਹਿਲਾ ਵਿਦੇਸ਼ੀ ਉੱਦਮ ਹੈ। ਜਲਦੀ ਹੀ ਇਹ ਕੰਪਨੀਆਂ ਦਵਾਈਆਂ ਦੀ ਦਰਾਮਦ ਨੂੰ ਰੋਕਣ ਲਈ ਸਰਕਾਰ ਕੋਲ ਰਿੱਟ ਦਾਇਰ ਕਰਨਗੀਆਂ।
ਕੀਨੀਆ ਵਰਗੇ ਹੋਰਨਾਂ ਦੇਸ਼ਾਂ ’ਚ ਵੀ ਇਸ ਤਰ੍ਹਾਂ ਦੇ ਕਦਮਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੋ ਭਾਰਤੀ ਕੰਪਨੀਆਂ-ਕੈਡਿਲਾ ਫਾਰਮਾ ਅਤੇ ਕਿਲਿਚ ਦੇ ਇਥੋਪੀਆ ’ਚ ਪਲਾਂਟ ਹਨ ਪਰ ਇਹ ਚੀਨੀ ਨਿਵੇਸ਼ ਦੀ ਤੁਲਨਾ ’ਚ ਛੋਟੇ ਹਨ।
ਭਾਰਤ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਆਮ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਟੀਕਿਆਂ ਦੇ ਸਵਦੇਸ਼ੀ ਉਤਪਾਦਨ ਅਤੇ ਉੱਚ ਮੁੱਲ ਵਾਲੇ ਉਤਪਾਦਾਂ ਦੀ ਬਰਾਮਦ ਰਾਹੀਂ ਕੁਲ ਮਹਾਦੀਪੀ ਬਾਜ਼ਾਰ ਦਾ ਘੱਟੋ–ਘੱਟ 30-40 ਫੀਸਦੀ ਹਿੱਸਾ ਕਾਇਮ ਰੱਖੇ। ਭਾਰਤੀ ਦਵਾਈਆਂ ਦੀਆਂ ਕੰਪਨੀਆਂ ਦਹਾਕਿਆਂ ਤੋਂ ਇਸ ਮਹਾਦੀਪ ’ਚ ਉਤਪਾਦਾਂ ਦਾ ਨਿਰਮਾਣ ਕਰ ਰਹੀਆਂ ਹਨ ਪਰ ਵੱਡੇ ਪੱਧਰ ’ਤੇ ਦੱਖਣੀ ਅਫਰੀਕਾ ’ਚ ਹੀ ਕੇਂਦਰਿਤ ਹਨ। ਖਿੱਚ ਦਾ ਕੇਂਦਰ ਹੁਣ ਉਪ-ਸਹਾਰਾ ’ਚ ਬਦਲ ਗਿਆ ਹੈ ਅਤੇ ਇਸ ਦੇ ਵਿਕਾਸ ਦੇ ਇੰਜਣ ਨਾਈਜੀਰੀਆ, ਘਾਨਾ, ਆਇਵਰੀ ਕੋਸਟ, ਇਥੋਪੀਆ, ਕੀਨੀਆ, ਯੁਗਾਂਡਾ ਅਤੇ ਤਨਜਾਨੀਆ ਇਸ ਤਬਦੀਲੀ ਦੀ ਅਗਵਾਈ ਕਰਨਗੇ।
ਇਕ ਪੁਨਰ–ਸਥਾਪਨਸ਼ੀਲ ਅਫਰੀਕਾ ਹਾਲ ਹੀ ’ਚ ਦਸਤਖਤ ਅਤੇ ਲਾਗੂ ਕੀਤੇ ‘ਅਫਰੀਕਾ ਮਹਾਦੀਪੀ ਮੁਕਤ ਵਪਾਰ ਖੇਤਰ’ ਨਾਲ ਵਿਕਸਿਤ ਹੋਵੇਗਾ। ਇਹ 1.2 ਅਰਬ ਲੋਕਾਂ ਦੀ ਇਕ ਹੱਦਹੀਣ ਮਹਾਦੀਪ-ਪੱਧਰੀ ਸਿੰਗਲ ਵਪਾਰ ਇਕਾਈ ਬਣਾਵੇਗਾ ਅਤੇ ਸਵਦੇਸ਼ੀ ਨਿਰਮਾਣ ਮੌਕਿਆਂ ਨੂੰ ਵਧਾਵੇਗਾ। 2015 ’ਚ ਅਫਰੀਕਾ ’ਚ 50 ਲੱਖ ਤੋਂ ਵੱਧ ਆਬਾਦੀ ਦੇ ਨਾਲ ਸਿਰਫ 6 ਸ਼ਹਿਰ ਸਨ ਜਦਕਿ 2030 ’ਚ 17 ਹੋਣਗੇ, ਜਿਨ੍ਹਾਂ ’ਚੋਂ 5 ਦੀ ਆਬਾਦੀ 1 ਕਰੋੜ ਤੋਂ ਵੱਧ ਹੋਵੇਗੀ।
ਕਿਉਂਕਿ ਅਫਰੀਕਾ ਇਸ ਦਹਾਕੇ ਦੇ ਅੰਤ ਤੱਕ ਕਈ ਉਤਪਾਦਾਂ ’ਚ ਆਤਮਨਿਰਭਰਤਾ ਵਿਕਸਿਤ ਕਰ ਲਵੇਗਾ, ਇਸ ਲਈ ਭਾਰਤ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਮਹਾਦੀਪ ’ਚ ਨਿਰਮਾਣ ਸਰਗਰਮੀਆਂ ਦਾ ਇਕ ਪ੍ਰਮੁੱਖ ਭਾਈਵਾਲ ਹੈ।
ਭਾਰਤ ਨੂੰ ਆਪਣੀ ਸਹਾਇਤਾ ਰਣਨੀਤੀ ’ਚ ਵੀ ਤਬਦੀਲੀ ਕਰਨੀ ਹੋਵੇਗੀ ਅਤੇ ਸਿਹਤ ਸਹੂਲਤਾਂ ਅਤੇ ਮੈਡੀਕਲ ਤੇ ਫਾਰਮੇਸੀ ਕਾਲਜਾਂ, ਆਈ. ਟੀ. ਬੁਨਿਆਦੀ ਢਾਂਚੇ, ਅਫਰੀਕੀ ਉਦਮਿਤਾ ਆਦਿ ਵਰਗੀ ‘ਦ੍ਰਿਸ਼ਮਾਨ’ ਸਹਾਇਤਾ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜੋ ਹਜ਼ਾਰਾਂ ਅਫਰੀਕੀਆਂ ਨੂੰ ਰੋਜ਼ਗਾਰ ਦੇਵੇਗਾ ਅਤੇ ਉਨ੍ਹਾਂ ਦੀ ਹੁਨਰ ਵਿਵਸਥਾ ’ਚ ਸੁਧਾਰ ਕਰੇਗਾ ਅਤੇ ਦਹਾਕਿਆਂ ਤੱਕ ਦਿਸਦਾ ਰਹੇਗਾ। ਭਾਰਤ ਵੱਡੇ ਬੁਨਿਆਦੀ ਢਾਂਚੇ ’ਚ ਚੀਨ ਦੇ ਨਾਲ ਮੁਕਾਬਲੇਬਾਜ਼ੀ ਨਹੀਂ ਕਰ ਸਕਦਾ ਪਰ ਅਦ੍ਰਿਸ਼ ਪ੍ਰਾਜੈਕਟਾਂ ਜਿਵੇਂ ਡੈਮ, ਰੇਲਵੇ ਅਤੇ ਬਿਜਲੀ ਉਤਪਾਦਨ ਆਦਿ ਦੇ ਨਾਲ ਭਾਰਤ ਨੂੰ ਅਫਰੀਕਾ ’ਚ ਵੱਧ ਉੱਦਮੀ ਤਿਆਰ ਕਰਨ ’ਚ ਮਦਦ ਕਰਨੀ ਚਾਹੀਦੀ ਹੈ ਜੋ ਮਹਾਦੀਪ ’ਚ ਧਨ ਬਣਾਉਣ ਲਈ ਭਾਰਤੀ ਮੁਹਾਰਤਾ ਦੀ ਵਰਤੋਂ ਕਰ ਸਕਣ।
ਸੁਹੈਲ ਆਬਿਦੀ/ਮਨੋਜ ਜੋਸ਼ੀ