IRDAI ਨੇ ਦਿੱਤੀ ਖੁਸ਼ਖਬਰੀ, ਕਾਰ-ਬਾਈਕ ਖਰੀਦਣਾ ਹੋ ਜਾਏਗਾ ਸਸਤਾ
Tuesday, Jun 09, 2020 - 08:56 PM (IST)
ਨਵੀਂ ਦਿੱਲੀ— ਜਲਦ ਹੀ ਨਵੀਂ ਗੱਡੀ ਤੇ ਬਾਈਕ ਖਰੀਦਣਾ ਸਸਤਾ ਹੋਣ ਜਾ ਜਾ ਰਿਹਾ ਹੈ ਕਿਉਂਕਿ ਤੁਹਾਨੂੰ ਹੁਣ ਦੀ ਤਰ੍ਹਾਂ ਲੰਮੇ ਸਮੇਂ ਤੱਕ ਦਾ ਮੋਟਰ ਬੀਮਾ ਕਵਰ ਨਹੀਂ ਖਰੀਦਣਾ ਪਵੇਗਾ, ਜਿਸ ਨਾਲ ਓਨ-ਰੋਡ ਕੀਮਤਾਂ 'ਚ ਵੱਡੀ ਕਮੀ ਹੋ ਸਕਦੀ ਹੈ। ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਆਈ. ਆਰ . ਡੀ. ਏ. ਆਈ.) ਨੇ 1 ਅਗਸਤ, 2020 ਤੋਂ ਲੰਮੀ ਮਿਆਦ ਦਾ ਮੋਟਰ ਬੀਮਾ ਪੈਕੇਜ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਫਿਲਹਾਲ ਨਵੀਂ ਕਾਰ ਲਈ ਤਿੰਨ ਸਾਲ, ਜਦੋਂ ਕਿ ਸਕੂਟਰ, ਮੋਟਰਸਾਈਕਲਾਂ ਲਈ ਪੰਜ ਸਾਲ ਦਾ ਥਰਡ ਪਾਰਟੀ ਬੀਮਾ ਲੈਣਾ ਲਾਜ਼ਮੀ ਹੈ, ਜਿਸ ਕਾਰਨ ਓਨ-ਰੋਡ ਕੀਮਤ ਕਾਫ਼ੀ ਜ਼ਿਆਦਾ ਪੈ ਰਹੀ ਹੈ। ਲਿਹਾਜਾ ਇਸ ਕਾਰਨ ਵਿਕਰੀ 'ਤੇ ਵੀ ਅਸਰ ਪੈ ਰਿਹਾ ਹੈ।
ਸੁਪਰੀਮ ਕੋਰਟ ਨੇ 1 ਸਤੰਬਰ 2018 ਤੋਂ ਨਵੀਂ ਕਾਰ ਤੇ ਮੋਟਰਸਾਈਕਲ-ਸਕੂਟਰ ਖਰੀਦਣ ਵਾਲੇ ਲੋਕਾਂ ਲਈ 3 ਤੇ 5 ਸਾਲ ਦਾ ਮੋਟਰ ਬੀਮਾ ਕਵਰ ਲਾਜ਼ਮੀ ਕੀਤਾ ਸੀ। ਇਹ ਇਸ ਲਈ ਕੀਤਾ ਕਿਉਂਕਿ ਬਹੁਤ ਸਾਰੇ ਲੋਕ ਵਾਹਨ ਖਰੀਦਣ ਸਮੇਂ ਇਕ ਸਾਲ ਦਾ ਬੀਮਾ ਕਵਰ ਲੈ ਲੈਂਦੇ ਸਨ ਪਰ ਫਿਰ ਉਸ ਨੂੰ ਰੀਨਿਊ ਨਹੀਂ ਕਰਾਉਂਦੇ ਸਨ। ਹਾਲਾਂਕਿ ਇਰਡਾ ਨੇ ਕਈ ਕਾਰਨਾਂ ਕਰਕੇ ਲੰਬੀ ਮਿਆਦ ਦੀ ਪੈਕੇਜ ਪਾਲਿਸੀ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਕੀ ਹੁੰਦਾ ਹੈ ਮੋਟਰਗੱਡੀ ਬੀਮਾ : ਇਸ ਦੇ ਦੋ ਹਿੱਸੇ ਹੁੰਦੇ ਹਨ- ਥਰਡ ਪਾਰਟੀ ਕਵਰ ਅਤੇ 'ਓਨ ਡੈਮੇਜ ਕਵਰ'। ਜੇਕਰ ਤੁਹਾਡੀ ਗੱਡੀ ਨਾਲ ਟਕਰਾ ਕੇ ਕਿਸੇ ਦੇ ਜਾਨ-ਮਾਲ ਦਾ ਨੁਕਸਾਨ ਹੋ ਜਾਵੇ ਤਾਂ ਉਸ ਦੀ ਭਰਪਾਈ ਥਰਡ ਪਾਰਟੀ ਕਵਰ ਨਾਲ ਹੁੰਦੀ ਹੈ। ਓਨ ਡੈਮੇਜ ਕਵਰ, ਤੁਹਾਡੀ ਗੱਡੀ ਜਾਂ ਖੁਦ ਦੇ ਨੁਕਸਾਨ ਦੀ ਭਰਪਾਈ ਲਈ ਹੁੰਦਾ ਹੈ।