IRCTC ਦੇ ਇਨ੍ਹਾਂ ਮੁਸਾਫਰਾਂ ਨੂੰ ਜਲਦ ਮਿਲਣ ਜਾ ਰਿਹੈ ਇਹ ਸ਼ਾਨਦਾਰ ਤੋਹਫਾ

09/10/2019 10:51:28 AM

ਨਵੀਂ ਦਿੱਲੀ— ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਦੇ ਦਿੱਲੀ-ਲਖਨਊ ਤੇ ਮੁੰਬਈ-ਅਹਿਮਦਾਬਾਦ ਦੇ ਮੁਸਾਫਰਾਂ ਨੂੰ ਜਲਦ ਕਈ ਸਹੂਲਤਾਂ ਦਾ ਤੋਹਫਾ ਮਿਲਣ ਜਾ ਰਿਹਾ ਹੈ। ਆਈ. ਆਰ. ਸੀ. ਟੀ. ਸੀ. ਨੇ ਤੇਜਸ ਐਕਸਪ੍ਰੈੱਸ ਟਰੇਨਾਂ 'ਚ ਇਨ੍ਹਾਂ ਮਾਰਗਾਂ 'ਤੇ ਯਾਤਰਾ ਕਰਨ ਵਾਲੇ ਆਪਣੇ ਮੁਸਾਫਰਾਂ ਨੂੰ ਹੋਟਲ ਬੁਕਿੰਗ, ਟੈਕਸੀ ਅਤੇ ਸਮਾਨ ਚੁੱਕਣ-ਛੱਡਣ ਦੀਆਂ ਸਹੂਲਤਾਂ ਦੇਣ ਦੀ ਯੋਜਨਾ ਬਣਾਈ ਹੈ।
 

ਰੇਲਵੇ ਬੋਰਡ ਦੇ ਚੇਅਰਮੈਨ ਵੀ. ਕੇ. ਯਾਦਵ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਰੇਲਵੇ ਦੀ ਸਹਾਇਕ ਕੰਪਨੀ ਆਈ. ਆਰ. ਸੀ. ਟੀ. ਸੀ. ਆਪਣੇ ਮੁਸਾਫਰਾਂ ਨੂੰ ਅਜਿਹੀਆਂ ਸੇਵਾਵਾਂ ਦੇਣ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਟਰਾਂਸਪੋਰਟੇਸ਼ਨ ਤੇ ਸਮਾਨ ਸੇਵਾਵਾਂ ਦੀ ਪੇਸ਼ਕਸ਼ ਤੋਂ ਇਲਾਵਾ ਆਈ. ਆਰ. ਸੀ. ਟੀ. ਸੀ. ਲੋੜਵੰਦਾਂ ਨੂੰ ਵ੍ਹੀਲ-ਚੇਅਰ ਸੇਵਾਵਾਂ ਵੀ ਪ੍ਰਦਾਨ ਕਰੇਗੀ।ਯਾਦਵ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਵਿਕਸਤ ਦੇਸ਼ਾਂ ਦੀ ਤਰ੍ਹਾਂ ਰੇਲਵੇ ਨੇੜਲੇ ਭਵਿੱਖ 'ਚ ਨਿੱਜੀ ਕੰਪਨੀਆਂ ਨੂੰ ਰੇਲ ਗੱਡੀਆਂ ਚਲਾਉਣ ਲਈ ਸੱਦਾ ਦੇਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਵਾਈ ਅੱਡਾ ਅਥਾਰਟੀ ਵੱਲੋਂ ਚਲਾਏ ਜਾ ਰਹੇ ਏਅਰਪੋਰਟਸ ਤੋਂ ਫਲਾਈਟਸ ਓਪਰੇਟ ਕਰਦੀਆਂ ਹਨ, ਉਸੇ ਤਰ੍ਹਾਂ ਰੇਲਵੇ ਫਰਮਾਂ ਨੂੰ ਵੱਖ-ਵੱਖ ਮਾਰਗਾਂ 'ਤੇ ਟਰੇਨਾਂ ਚਲਾਉਣ ਦੀ ਮਨਜ਼ੂਰੀ ਦੇਵੇਗਾ। ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਦੀ ਨਵੀਂ ਪਹਿਲ ਦਾ ਜ਼ਿਕਰ ਕਰਦਿਆਂ ਯਾਦਵ ਨੇ ਕਿਹਾ ਕਿ ਸੁਰੱਖਿਆ, ਲੋਕੋਮੋਟਿਵ ਅਤੇ ਗਾਰਡ ਰੇਲਵੇ ਦੇ ਦਾਇਰੇ ਹੇਠ ਹੋਣਗੇ, ਜਦੋਂ ਕਿ ਹੋਰ ਸਾਰੀਆਂ ਸੇਵਾਵਾਂ ਦੀ ਜਿੰਮੇਵਾਰੀ ਆਈ. ਆਰ. ਸੀ. ਟੀ. ਸੀ. ਕੋਲ ਹੋਵੇਗੀ।


Related News