IOC, BPCL ਅਤੇ HPCL ਨੂੰ ਪਹਿਲੀ ਤਿਮਾਹੀ ’ਚ ਹੋ ਸਕਦੈ 10,700 ਕਰੋੜ ਦਾ ਨੁਕਸਾਨ
Tuesday, Jul 12, 2022 - 03:28 PM (IST)

ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ (ਐੱਚ. ਪੀ. ਸੀ. ਐੱਲ.) ਨੂੰ ਪੈਟਰੋਲ ਅਤੇ ਡੀਜ਼ਲ ਦੀ ਲਾਗਤ ਤੋਂ ਘੱਟ ਕੀਮਤ ’ਤੇ ਵਿਕਰੀ ਨਾਲ ਚਾਲੂ ਵਿੱਤੀ ਸਾਲ ਦੀ ਜੂਨ ਤਿਮਾਹੀ ’ਚ ਸਮੂਹਿਕ ਤੌਰ ’ਤੇ 10,700 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।
ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਨੇ ਇਕ ਰਿਪੋਰਟ ’ਚ ਕਿਹਾ ਕਿ ਅਪ੍ਰੈਲ-ਜੂਨ ਤਿਮਾਹੀ ’ਚ ਕੱਚੇ ਤੇਲ ਦੇ ਰੇਟ ਚੜ੍ਹੇ ਪਰ ਪੈਟਰੋਲ ਅਤੇ ਡੀਜ਼ਲ ਦੇ ਰੇਟ ’ਚ ਬਦਲਾਅ ਨਹੀਂ ਕੀਤਾ ਗਿਆ। ਇਸ ਨਾਲ ਕੰਪਨੀਆਂ ਨੂੰ ਮਾਰਕੀਟਿੰਗ ਦੇ ਪੱਧਰ ’ਤੇ ਨੁਕਸਾਨ ਹੋਇਆ। ਜਨਤਕ ਖੇਤਰ ਦੀਆਂ ਇਨ੍ਹਾਂ ਤਿੰਨਾਂ ਪੈਟਰੋਲੀਅਮ ਕੰਪਨੀਆਂ ਦਾ ਪੈਟਰੋਲ ਅਤੇ ਡੀਜ਼ਲ ਦੀ ਪ੍ਰਚੂਨ ਵਿਕਰੀ ’ਚ 90 ਫੀਸਦੀ ਕੰਟਰੋਲ ਹੈ। ਇਨ੍ਹਾਂ ਕੰਪਨੀਆਂ ਦੀਆਂ ਆਪਣੀਆਂ ਰਿਫਾਇਨਰੀਆਂ ਵੀ ਹਨ, ਜਿੱਥੇ ਕੱਚੇ ਤੇਲ ਨੂੰ ਪੈਟਰੋਲ ਅਤੇ ਡੀਜ਼ਲ ’ਚ ਬਦਲਿਆ ਜਾਂਦਾ ਹੈ। ਹਾਲਾਂਕਿ ਕੱਚੇ ਤੇਲ ਨੂੰ ਈਂਧਨ ’ਚ ਬਦਲਣ ਦਾ ਮਾਰਜਨ ਉੱਚਾ ਹੈ ਪਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਸਥਿਰ ਰਹਿਣ ਨਾਲ ਮਾਰਕੀਟਿੰਗ ਇਕਾਈਆਂ ਨੂੰ ਨੁਕਸਾਨ ਉਠਾਉਣਾ ਪਿਆ ਹੈ।