1 ਮਹੀਨੇ ’ਚ ਨਿਵੇਸ਼ਕਾਂ ਦੇ ਡੁੱਬੇ 30 ਲੱਖ ਕਰੋੜ, ਬਿਟਕੁਆਈਨ ਵੀ ਪਹੁੰਚਿਆ 16 ਮਹੀਨਿਆਂ ਦੇ ਹੇਠਲੇ ਪੱਧਰ ’ਤੇ

Friday, May 13, 2022 - 10:49 AM (IST)

1 ਮਹੀਨੇ ’ਚ ਨਿਵੇਸ਼ਕਾਂ ਦੇ ਡੁੱਬੇ 30 ਲੱਖ ਕਰੋੜ, ਬਿਟਕੁਆਈਨ ਵੀ ਪਹੁੰਚਿਆ 16 ਮਹੀਨਿਆਂ ਦੇ ਹੇਠਲੇ ਪੱਧਰ ’ਤੇ

ਮੁੰਬਈ (ਇੰਟ.) – ਸ਼ੇਅਰ ਬਾਜ਼ਾਰ ’ਚ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਵਿਕਰੀ ਦਾ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਮਹਿੰਗਾਈ, ਰੇਟ ਹਾਈਕ ਸਾਈਕਲ ਅਤੇ ਭੂ-ਸਿਆਸੀ ਤਨਾਅ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ’ਚ ਗਿਰਾਵਟ ਆ ਰਹੀ ਹੈ। ਸੈਂਸੈਕਸ ਅੱਜ ਇੰਟ੍ਰਾਡੇ ’ਚ 1000 ਅੰਕ ਤੋਂ ਵੱਧ ਟੁੱਟ ਗਿਆ ਜਦ ਕਿ ਨਿਫਟੀ ਵੀ 15900 ਤੋਂ ਹੇਠਾਂ ਡਿਗ ਗਿਆ। ਨਿਫਟੀ ’ਤੇ ਇੰਡੀਆ ਵੀ. ਆਈ. ਐਕਸ. ਵਿਚ ਅੱਜ ਕਰੀਬ 9 ਫੀਸਦੀ ਦੀ ਤੇਜ਼ੀ ਆਈ ਹੈ ਅਤੇ ਇਹ 25 ਦੇ ਪੱਧਰ ਦੇ ਲਗਭਗ ਹੈ। ਯਾਨੀ ਬਾਜ਼ਾਰ ’ਚ ਹਾਲੇ ਹੋਰ ਵੱਡੀ ਗਿਰਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਗਿਰਾਵਟ ’ਚ ਫੰਡਾਮੈਂਟਲੀ ਮਜ਼ਬੂਤ ਸ਼ੇਅਰ ਵੀ ਲਗਾਤਾਰ ਕਮਜ਼ੋਰ ਹੋ ਰਹੇ ਹਨ।

ਬੀਤੇ 1 ਮਹੀਨੇ ਦੀ ਗੱਲ ਕਰੀਏ ਤਾਂ ਸੈਂਸੈਕਸ ਅਤੇ ਨਿਫਟੀ ’ਚ ਕਰੀਬ 10 ਫੀਸਦੀ ਗਿਰਾਵਟ ਰਹੀ ਹੈ। ਸੈਂਸੈਕਸ 9.40 ਫੀਸਦੀ ਜਾਂ 55.08 ਅੰਕ ਟੁੱਟ ਗਿਆ ਹੈ ਜਦ ਕਿ ਨਿਫਟੀ ’ਚ 9.6 ਫੀਸਦੀ ਜਾਂ 1680.90 ਅੰਕਾਂ ਦੀ ਕਮਜ਼ੋਰੀ ਰਹੀ ਹੈ। ਮਿਡਕੈਪ ਇੰਡੈਕਸ 13 ਫੀਸਦੀ ਤੋਂ ਜ਼ਿਆਦਾ ਕਮਜ਼ੋਰ ਹੋਇਆ ਹੈ ਜਦ ਕਿ ਬ੍ਰਾਡਰ ਮਾਰਕੀਟ ਬੀ. ਐੱਸ. ਈ. 500 ਇੰਡੈਕਸ ’ਚ 11 ਫੀਸਦੀ ਗਿਰਾਵਟ ਆਈ ਹੈ। ਬਾਜ਼ਾਰ ਦੀ ਇਸ ਉਥਲ-ਪੁਥਲ ’ਚ 1 ਮਹੀਨੇ ਦੌਰਾਨ ਨਿਵੇਸ਼ਕਾਂ ਦੇ ਕਰੀਬ 30 ਲੱਖ ਕਰੋੜ ਰੁਪਏ ਡੁੱਬ ਗਏ ਹਨ। 13 ਅਪ੍ਰੈਲ 2022 ਨੂੰ ਬੀ. ਐੱਸ. ਈ. ’ਤੇ ਲਿਸਟਿਡ ਕੰਪਨੀਆਂ ਦਾ ਮਾਰਕੀਟ ਕੈਪ 2,72,03,063.57 ਕਰੋੜ ਸੀ ਜੋ 12 ਮਈ 2022 ਨੂੰ ਦੁਪਹਿਰ 12 ਵਜੇ ਤੱਕ ਘਟ ਕੇ 2,41,62,193.87 ਕਰੋੜ ਰਹਿ ਗਿਆ।

ਬਜ਼ਾਰ ਟੁੱਟਣ ਦਾ ਕੀ ਹੈ ਕਾਰਨ

ਅਮਰੀਕਾ ’ਚ ਮਹਿੰਗਾਈ ’ਤੇ ਕੰਟਰੋਲ ਨਹੀਂ ਹੋ ਰਿਹਾ ਹੈ। ਅਪ੍ਰੈਲ ਕੰਜਿਊਮਰ ਪ੍ਰਾਈਸ ਇੰਡੈਕਸ ’ਚ 8.3 ਫੀਸਦੀ ਦਾ ਜੰਪ ਦੇਖਣ ਨੂੰ ਮਿਲਿਆ ਹੈ। ਕੋਰ ਸੀ. ਪੀ. ਆਈ. ’ਚ 6.2 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਉੱਥੇ ਮਹਿੰਗਾਈ 4 ਦਹਾਕਿਆਂ ’ਚ ਸਭ ਤੋਂ ਵੱਧ ਹੈ। ਜਿਸ ਕਾਰਨ ਅੱਗੇ ਯੂ. ਐੱਸ. ਫੈੱਡ ਵਲੋਂ ਵਿਆਜ ਦਰਾਂ ’ਚ ਕਈ ਵਾਰ ਵਾਧਾ ਕੀਤੇ ਜਾਣ ਦੇ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰਾਂ ’ਚ ਭਾਰੀ ਗਿਰਾਵਟ ਰਹੀ ਹੈ। ਬੁੱਧਵਾਰ ਨੂੰ ਡਾਓ ਜੋਨਸ ’ਚ 327 ਅੰਕਾਂ ਜਾਂ 1.02 ਫੀਸਦੀ ਦੀ ਗਿਰਾਵਟ ਰਹੀ ਅਤੇ ਇਹ 31,834.11 ਦੇ ਪੱਧਰ ’ਤੇ ਬੰਦ ਹੋਇਆ। ਨੈਸਡੈਕ ’ਚ 373 ਅੰਕ ਜਦ ਕਿ ਐੱਸ. ਐਂਡ ਪੀ. 500 ਇੰਡੈਕਸ ’ਚ 66 ਅੰਕਾਂ ਦੀ ਗਿਰਾਵਟ ਰਹੀ। ਕਰੂਡ ਮੁੜ 110 ਡਾਲਰ ਦੇ ਕਰੀਬ ਹੈ। ਉੱਥੇ ਹੀ ਏਸ਼ੀਆਈ ਬਾਜ਼ਾਰਾਂ ’ਚ ਵੀ ਸੇਲ ਆਫ ਹੈ। ਘਰੇਲੂ ਪੱਧਰ ’ਤੇ ਬੈਂਕ ਅਤੇ ਆਈ. ਟੀ. ਸ਼ੇਅਰਾਂ ’ਚ ਜ਼ੋਰਦਾਰ ਵਿਕਰੀ ਹੈ।

ਬਿਟਕੁਆਈਨ 16 ਮਹੀਨਿਆਂ ਦੇ ਹੇਠਲੇ ਪੱਧਰ ’ਤੇ, 6 ਰੁਪਏ ਰਹਿ ਗਈ ਇਸ ਮੀਮ ਕ੍ਰਿਪਟੋ ਦੀ ਕੀਮਤ

ਕ੍ਰਿਪਟੋ ਕਰੰਸੀ ਦੇ ਨਿਵੇਸ਼ਕਾਂ ਲਈ ਚੰਗੀ ਖਬਰ ਨਹੀਂ ਹੈ। ਦੁਨੀਆ ਦੀਆਂ ਟੌਪ ਕ੍ਰਿਪਟੋ ਕਰੰਸੀਜ਼ ਦੀ ਕੀਮਤ ’ਚ ਅੱਜ 40 ਫੀਸਦੀ ਤੋਂ ਵੱਧ ਗਿਰਾਵਟ ਆਈ। ਬਿਟਕੁਆਈਨ, ਈਥੇਰੀਅਮ ਅਤੇ ਸੋਲਾਨਾ ਵਰਗੀਆਂ ਕ੍ਰਿਪਟੋ ਕਰੰਸੀਜ਼ ਦੀ ਕੀਮਤ ਕਈ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ। ਗਲੋਬਲ ਕ੍ਰਿਪਟੋ ਕਰੰਸੀਜ਼ ਦਾ ਮਾਰਕੀਟ ਕੈਪ ਵੀ ਡਿਗ ਕੇ 1.14 ਲੱਖ ਕਰੋੜ ਡਾਲਰ ਰਹਿ ਗਿਆ। ਰੂਸ ਅਤੇ ਯੂਕ੍ਰੇਨ ਦਰਮਿਆਨ ਚੱਲ ਰਹੀ ਲੜਾਈ ਅਤੇ ਵਧਦੀ ਮਹਿੰਗਾਈ ਦਰਮਿਆਨ ਨਿਵੇਸ਼ਕ ਡਿਜੀਟਲ ਅਸੈਟਸ ’ਚ ਨਿਵੇਸ਼ ਕਰਨ ਤੋਂ ਬਚ ਰਹੇ ਹਨ। ਇਸ ਕਾਰਨ ਕ੍ਰਿਪਟੋ ਕਰੰਸੀ ਮਾਰਕੀਟ ’ਚ ਭਾਰੀ ਗਿਰਾਵਟ ਆਈ ਹੈ।

ਦੁਨੀਆ ਦੀ ਸਭ ਤੋਂ ਪੁਰਾਣੀ, ਸਭ ਤੋਂ ਵੱਡੀ ਅਤੇ ਸਭ ਤੋਂ ਲੋਕਪ੍ਰਿਯ ਕ੍ਰਿਪਟੋ ਕਰੰਸੀ ਬਿਟਕੁਆਈਨ ਦੀ ਕੀਮਤ 11.29 ਫੀਸਦੀ ਦੀ ਗਿਰਾਵਟ ਆਈ ਹੈ। ਕ੍ਰਿਪੋਟ ਐਕਸਚੇਂਜ ਵਜ਼ੀਰਐਕਸ ਮੁਤਾਬਕ ਇਸ ਦੀ ਕੀਮਤ 27,932 ਡਾਲਰ ਯਾਨੀ 22,47,974 ਰੁਪਏ ’ਤੇ ਆ ਗਿਆ ਹੈ। ਪਿਛਲੇ ਸਾਲ ਨਵੰਬਰ ’ਚ ਇਹ 68000 ਡਾਲਰ ਤੱਕ ਪਹੁੰਚ ਗਈ ਸੀ ਪਰ ਉਸ ਤੋਂ ਬਾਅਦ ਇਸ ’ਚ ਲਗਾਤਾਰ ਗਿਰਾਵਟ ਆਈ ਹੈ। ਕਾਰੋਬਾਰ ਦੌਰਾਨ ਇਸ ਦੀ ਕੀਮਤ 27,411.11 ਡਾਲਰ ’ਤੇ ਆ ਗਈ ਸੀ ਜੋ ਇਸ ਦਾ 16 ਮਹੀਨਿਆਂ ਦਾ ਹੇਠਲਾ ਪੱਧਰ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀਜ਼ ਈਥਰ ’ਚ ਵੀ 22 ਫੀਸਦੀ ਤੋਂ ਜ਼ਿਆਦਾ ਗਿਰਾਵਟ ਆਈ ਅਤੇ ਇਹ 1800 ਡਾਲਰ ਤੋਂ ਹੇਠਾਂ ਆ ਗਈ।

ਡਾਜ਼ਕੁਆਈਨ ਅਤੇ ਸ਼ੀਬਾ ਇਨੂ

ਬੀ. ਐੱਨ. ਬੀ. ਦੀ ਕੀਮਤ ’ਚ 27.63 ਫੀਸਦੀ, ਐਕਸ. ਆਰ. ਪੀ. ’ਚ 30.09 ਫੀਸਦੀ, ਕਾਰਡਾਨੋ 33.23 ਫੀਸਦੀ ਅਤੇ ਸੋਲਾਨਾ ਦੀ ਕੀਮਤ ’ਚ 39.19 ਫੀਸਦੀ ਗਿਰਾਵਟ ਆਈ ਹੈ। ਮੀਮ ਕ੍ਰਿਪਟੋ ਕਰੰਸੀ ਡਾਜ਼ਕੁਆਈਨ 32.51 ਫੀਸਦੀ ਦੀ ਗਿਰਾਵਟ ਨਾਲ 6.17 ਰੁਪਏ ਰਹਿ ਗਈ। ਇਸ ਤਰ੍ਹਾਂ ਸ਼ੀਬਾ ਇਨੂ ਦੀ ਕੀਮਤ ’ਚ 31 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਇਸ ਦੀ ਕੀਮਤ 0.00085 ਰੁਪਏ ਰਹਿ ਗਈ ਹੈ।


author

Harinder Kaur

Content Editor

Related News