ਇਸ ਸਾਲ IPO ਨੇ ਨਿਵੇਸ਼ਕਾਂ ਨੂੰ ਕੀਤਾ ਬਾਗੋਬਾਗ, 11 'ਚੋਂ 8 ਨੇ ਦਿੱਤਾ ਲਾਭ

10/06/2019 2:12:39 PM

ਨਵੀਂ ਦਿੱਲੀ— ਨਕਦੀ ਜੁਟਾਉਣ ਦੇ ਲਿਹਾਜ ਨਾਲ ਇਸ ਸਾਲ ਆਈ. ਪੀ. ਓਜ਼. ਬਾਜ਼ਾਰ ਨਿਵੇਸ਼ਕਾਂ ਲਈ ਫਾਇਦੇਮੰਦ ਰਿਹਾ। ਸੂਚੀਬੱਧ ਫਰਮਾਂ ਦੇ ਸਟਾਕਸ 'ਚ ਉਠਕ-ਪਠਕ ਵਿਚਕਾਰ ਨਿਵੇਸ਼ਕਾਂ ਲਈ ਆਈ. ਪੀ. ਓ. ਬਾਜ਼ਾਰ ਆਕਰਸ਼ਕ ਰਿਹਾ।
 

ਇਸ ਸਾਲ ਹੁਣ ਤਕ ਸੂਚੀਬੱਧ ਕੰਪਨੀਆਂ 'ਚੋਂ 70 ਫੀਸਦੀ ਦੇ ਸ਼ੇਅਰ ਇਸ਼ੂ ਪ੍ਰਾਈਸ ਤੋਂ ਉੱਪਰ ਦੇ ਮੁੱਲ 'ਤੇ ਕਾਰੋਬਾਰ ਕਰ ਰਹੇ ਹਨ ਤੇ ਇਨ੍ਹਾਂ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ 95 ਫੀਸਦੀ ਤਕ ਰਿਟਰਨ ਦਿੱਤਾ ਹੈ। ਮਾਹਰਾਂ ਮੁਤਾਬਕ, ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਤਣਾਅ, ਅਰਥਵਿਵਸਥਾ 'ਚ ਨਰਮੀ, ਕਮਜ਼ੋਰ ਨਿਵੇਸ਼ਕ ਧਾਰਨਾ ਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਫੰਡ ਦੀ ਨਿਕਾਸੀ ਕਾਰਨ ਬਾਜ਼ਾਰ 'ਚ ਉਤਰਾਅ-ਚੜਾਅ ਰਿਹਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦੇ ਬਾਵਜੂਦ ਬਿਹਤਰ ਆਈ. ਪੀ. ਓ. ਦੀ ਹਮੇਸ਼ਾ ਮੰਗ ਰਹੀ ਹੈ। ਇਸ ਸਾਲ ਹੁਣ ਤਕ ਸੂਚੀਬੱਧ 11 ਕੰਪਨੀਆਂ ਦੇ ਸ਼ੇਅਰਾਂ 'ਚੋਂ 8 ਦੇ ਆਈ. ਪੀ. ਓ. 'ਚ ਇਸ਼ੂ ਮੁੱਲ ਦੇ ਮੁਕਾਬਲੇ 7 ਤੋਂ 95 ਫੀਸਦੀ ਤਕ ਦਾ ਚੰਗਾ ਵਾਧਾ ਹੋਇਆ ਹੈ। ਉੱਥੇ ਹੀ, ਬਾਕੀ ਤਿੰਨ ਕੰਪਨੀਆਂ ਨਿਵੇਸ਼ਕਾਂ ਨੂੰ ਖਿੱਚਣ 'ਚ ਫੇਲ੍ਹ ਰਹੀਆਂ ਤੇ ਇਨ੍ਹਾਂ ਦੇ ਸਟਾਕਸ ਇਸ਼ੂ ਮੁੱਲ ਤੋਂ ਹੇਠਾਂ ਕਾਰੋਬਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਹੁਣ 13 ਕੰਪਨੀਆਂ ਨੇ ਆਈ. ਪੀ. ਓ. ਜ਼ਰੀਏ 11,000 ਕਰੋੜ ਰੁਪਏ ਜੁਟਾਏ ਹਨ। ਉੱਥੇ ਹੀ ਪਿਛਲੇ ਸਾਲ 2018 'ਚ ਪੂਰੇ ਸਾਲ ਦੌਰਾਨ 24 ਕੰਪਨੀਆਂ ਨੇ ਆਈ. ਪੀ. ਓ. ਜ਼ਰੀਏ 30,959 ਕਰੋੜ ਰੁਪਏ ਜੁਟਾਏ ਸਨ। ਪੂੰਜੀ ਬਾਜ਼ਾਰ 'ਚ ਦਸਤਕ ਦੇਣ ਵਾਲੀਆਂ 13 ਕੰਪਨੀਆਂ 'ਚੋਂ ਆਈ. ਆਰ. ਸੀ. ਟੀ. ਸੀ. ਤੇ ਵਿਸ਼ਵਰਾਜ ਸ਼ੂਗਰ ਇੰਡਸਟਰੀ ਦੇ ਆਈ. ਪੀ. ਓ. ਸ਼ੁੱਕਰਵਾਰ ਨੂੰ ਬੰਦ ਹੋਏ ਹਨ। ਇਹ ਕੰਪਨੀਆਂ ਇਸੇ ਮਹੀਨੇ ਸੂਚੀਬੱਧ ਹੋਣਗੀਆਂ।


Related News