ਕਰਮਚਾਰੀਆਂ ਲਈ ਸ਼ੇਅਰ, MF ’ਚ ਨਿਵੇਸ਼ ਦੇ ਖੁਲਾਸੇ ਦੀ ਹੱਦ ਵਧੀ
Saturday, Feb 09, 2019 - 02:46 PM (IST)
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਕਰਮਚਾਰੀਆਂ ਲਈ ਸ਼ੇਅਰਾਂ ਤੇ ਮਿਊਚੁਅਲ ਫੰਡਾਂ (ਐੱਮ. ਐੱਫ.) ’ਚ ਨਿਵੇਸ਼ ਦੇ ਖੁਲਾਸੇ ਦੀ ਹੱਦ ਵਧਾ ਦਿੱਤੀ ਹੈ। ਪ੍ਰਸੋਨਲ ਮੰਤਰਾਲਾ ਵਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਇਹ ਹੱਦ ਵਧਾ ਕੇ ਕਰਮਚਾਰੀਆਂ ਦੇ 6 ਮਹੀਨਿਆਂ ਦੀ ਮੂਲ ਤਨਖਾਹ ਦੇ ਬਰਾਬਰ ਹੋਵੇਗੀ। ਖੁਲਾਸੇ ਦੀ ਪੁਰਾਣੀ ਕਰੰਸੀ ਹੱਦ 26 ਸਾਲ ਤੋਂ ਜ਼ਿਆਦਾ ਪੁਰਾਣੀ ਹੈ। ਪਹਿਲਾਂ ਦੇ ਨਿਯਮਾਂ ਅਨੁਸਾਰ ਸਮੂਹ ਏ ਤੇ ਸਮੂਹ ਬੀ ਦੇ ਅਧਿਕਾਰੀਆਂ ਨੂੰ ਸ਼ੇਅਰਾਂ, ਜ਼ਮਾਨਤਾਂ, ਡਿਬੈਂਚਰਾਂ ਜਾਂ ਮਿਊਚੁਅਲ ਫੰਡ ਯੋਜਨਾਵਾਂ ’ਚ ਇਕ ਕੈਲੰਡਰ ਸਾਲ ’ਚ 50,000 ਰੁਪਏ ਤੋਂ ਜ਼ਿਆਦਾ ਦਾ ਲੈਣ-ਦੇਣ ਕਰਨ ’ਤੇ ਉਸ ਦਾ ਖੁਲਾਸਾ ਕਰਨਾ ਹੁੰਦਾ ਸੀ। ਸਮੂਹ ਸੀ ਤੇ ਸਮੂਹ ਡੀ ਦੇ ਕਰਮਚਾਰੀਆਂ ਲਈ ਇਸ ਦੀ ਉੱਪਰੀ ਹੱਦ 25,000 ਰੁਪਏ ਸੀ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਸਾਰੇ ਕਰਮਚਾਰੀਆਂ ਨੂੰ ਸ਼ੇਅਰਾਂ, ਜ਼ਮਾਨਤਾਂ, ਡਿਬੈਂਚਰਾਂ ਤੇ ਮਿਊਚੁਅਲ ਫੰਡ ਯੋਜਨਾਵਾਂ ’ਚ ਆਪਣੇ ਨਿਵੇਸ਼ ਦੀ ਸੂਚਨਾ ਉਦੋਂ ਦੇਣੀ ਪਵੇਗੀ ਜਦੋਂ ਕਿ ਇਕ ਕੈਲੰਡਰ ਸਾਲ ’ਚ ਇਹ ਨਿਵੇਸ਼ ਉਨ੍ਹਾਂ ਦੀ 6 ਮਹੀਨਿਆਂ ਦੀ ਮੂਲ ਤਨਖਾਹ ਨੂੰ ਪਾਰ ਕਰ ਜਾਵੇ। ਮੰਤਰਾਲਾ ਨੇ ਇਸ ਬਾਰੇ ਵੀਰਵਾਰ ਨੂੰ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਹੁਕਮ ਜਾਰੀ ਕੀਤਾ ਹੈ। ਪ੍ਰਬੰਧਕੀ ਅਧਿਕਾਰੀ ਇਸ ਤਰ੍ਹਾਂ ਦੇ ਲੈਣ-ਦੇਣ ’ਤੇ ਨਜ਼ਰ ਰੱਖ ਸਕਣ। ਇਸ ਦੇ ਮੱਦੇਨਜ਼ਰ ਸਰਕਾਰ ਨੇ ਕਰਮਚਾਰੀਆਂ ਨੂੰ ਇਸ ਵੇਰਵੇ ਨੂੰ ਸਾਂਝਾ ਕਰਨ ਬਾਰੇ ਫਾਰਮੈਟ ਵੀ ਜਾਰੀ ਕੀਤਾ ਹੈ।