ਸਰਕਾਰੀ ਸਕੀਮ 'ਚ FD ਤੋਂ 2 ਫੀਸਦੀ ਵੱਧ ਮਿਲ ਰਿਹੈ ਫਾਇਦਾ, ਅੱਜ ਹੀ ਹੈ ਮੌਕਾ

Thursday, May 28, 2020 - 10:06 AM (IST)

ਸਰਕਾਰੀ ਸਕੀਮ 'ਚ FD ਤੋਂ 2 ਫੀਸਦੀ ਵੱਧ ਮਿਲ ਰਿਹੈ ਫਾਇਦਾ, ਅੱਜ ਹੀ ਹੈ ਮੌਕਾ

ਨਵੀਂ ਦਿੱਲੀ—  ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਦੌਰਾਨ ਕਈ ਬੈਂਕਾਂ ਐੱਫ. ਡੀ. 'ਤੇ ਵਿਆਜ ਦਰਾਂ ਨੂੰ ਘਟਾ ਚੁੱਕੇ ਹਨ, ਤਾਂ ਕਈ ਘਟਾਉਣ ਲਈ ਪੱਬਾਂ ਭਾਰ ਹਨ। ਬਚਤ ਖਾਤੇ ਤੋਂ ਲੈ ਕੇ ਐੱਫ. ਡੀ. ਤੇ ਪੀ. ਪੀ. ਐੱਫ. ਵਰਗੀਆਂ ਹੋਰ ਸਕੀਮਾਂ 'ਤੇ ਵਿਆਜ ਦਰ ਘਟਾ ਦਿੱਤੀ ਗਈ ਹੈ। ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) 'ਤੇ ਵਿਆਜ ਦਰ ਘੱਟ ਕੇ ਸਿਰਫ 7.1 ਫੀਸਦੀ ਰਹਿ ਗਈ ਹੈ। ਅਜਿਹੇ 'ਚ ਨਿਵੇਸ਼ਕ ਆਰ. ਬੀ. ਆਈ. 7.75 ਫੀਸਦੀ ਬਾਂਡ ਸਕੀਮ 'ਚ ਨਿਵੇਸ਼ ਕਰਕੇ ਬਿਹਤਰ ਫਾਇਦਾ ਕਮਾ ਸਕਦੇ ਹਨ। ਇਸ ਬਾਂਡ 'ਚ ਨਿਵੇਸ਼ ਕਰਨ ਦਾ ਸਿਰਫ ਅੱਜ ਹੀ ਮੌਕਾ ਹੈ।

ਇਸ ਬਾਂਡ ਸਕਿਮ 'ਚ ਗਾਹਕਾਂ ਨੂੰ ਐੱਸ. ਬੀ. ਆਈ. ਬੈਂਕ ਦੀ ਐੱਫ. ਡੀ. ਦੇ ਮੁਕਾਬਲੇ 2 ਫੀਸਦੀ ਤੋਂ ਵੀ ਜ਼ਿਆਦਾ ਰਿਟਰਨ ਮਿਲ ਰਿਹਾ ਹੈ। ਭਾਰਤੀ ਸਟੈਟ ਬੈਂਕ (ਐੱਸ. ਬੀ. ਆਈ.) 27 ਮਈ 2020 ਤੋਂ 1 ਸਾਲ ਦੇ ਫਿਕਸਡ ਡਿਪਾਜ਼ਿਟ 'ਤੇ 5.1 ਫੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।

ਕੀ ਹੈ ਇਹ ਬਾਂਡ
RBI 7.75% ਬਾਂਡ ਭਾਰਤ ਸਰਕਾਰ ਦੀ ਟੈਕਸੇਬਲ ਬਾਂਡ ਸਕੀਮ ਹੈ। ਭਾਰਤ ਸਰਕਾਰ ਵੱਲੋਂ ਜਾਰੀ ਹੋਣ ਕਾਰਨ ਇਸ ਬਾਂਡ 'ਚ ਨਿਵੇਸ਼ ਜੋਖਮ ਰਹਿਤ ਹੁੰਦਾ ਹੈ। ਇਸ ਬਾਂਡ 'ਚ ਕੋਈ ਵੀ ਭਾਰਤੀ ਨਾਗਰਿਕ ਨਿਵੇਸ਼ ਕਰ ਸਕਦਾ ਹੈ। ਇਸ ਬਾਂਡ 'ਚ 7.75 ਫੀਸਦੀ ਰਿਟਰਨ ਮਿਲਦਾ ਹੈ। ਇਸ ਲਈ ਹੀ ਇਸ ਦਾ ਨਾਮ RBI 7.75% ਬਾਂਡ ਹੈ। ਇਸ 'ਚ ਨਿਵੇਸ਼ ਕਰਨ ਦਾ ਸਿਰਫ ਵੀਰਵਾਰ ਤੱਕ ਦਾ ਹੀ ਦਿਨ ਹੈ। 28 ਮਈ ਨੂੰ ਇਸ ਸਕੀਮ ਦੀ ਨਵੀਂ ਵਿਕਰੀ ਬੰਦ ਹੋ ਰਹੀ ਹੈ। ਸ਼ੁੱਕਰਵਾਰ, 29 ਮਈ 2020 ਤੋਂ ਇਹ ਨਿਵੇਸ਼ ਲਈ ਉਪਲੱਬਧ ਨਹੀਂ ਹੋਵੇਗੀ। ਗਾਹਕ ਵੀਰਵਾਰ ਨੂੰ ਬੈਂਕਿੰਗ ਕੰਮਕਾਜ ਦੌਰਾਨ ਤੱਕ ਹੀ ਇਸ ਯੋਜਨਾ 'ਚ ਨਿਵੇਸ਼ ਕਰ ਸਕਦੇ ਹਨ।

ਭਾਰਤ ਸਰਕਾਰ ਦੇ 7.75 ਫੀਸਦੀ ਬਚਤ (ਟੈਕਸ ਯੋਗ) ਬਾਂਡ ਨੂੰ ਆਰ. ਬੀ. ਆਈ. 7.75 ਫੀਸਦੀ ਬਾਂਡ ਵੀ ਕਿਹਾ ਜਾਂਦਾ ਹੈ। ਇਹ ਰਿਟਾਇਰਡ ਨਿਵੇਸ਼ਕਾਂ ਲਈ ਇਕ ਆਕਰਸ਼ਕ ਨਿਵੇਸ਼ ਸੀ ਕਿਉਂਕਿ ਉਮਰ ਦੇ ਹਿਸਾਬ ਨਾਲ ਉਨ੍ਹਾਂ ਨੂੰ 4 ਤੋਂ 6 ਸਾਲ ਤੱਕ ਲਈ ਇਸ 'ਚ ਪੈਸਾ ਰੱਖਣਾ ਪੈਂਦਾ ਸੀ। ਉੱਥੇ ਹੀ, ਹੋਰਾਂ ਲਈ ਮਿਆਦ 7 ਸਾਲ ਤੱਕ ਹੈ।


author

Sanjeev

Content Editor

Related News