ਇਕੁਇਟੀ MFs ਯੋਜਨਾਵਾਂ 'ਚ ਪਰਤੀ ਰੌਣਕ, ਹੋ ਰਿਹਾ ਹੈ ਸ਼ਾਨਦਾਰ ਨਿਵੇਸ਼

Tuesday, Aug 10, 2021 - 10:16 AM (IST)

ਮੁੰਬਈ- ਇਕੁਇਟੀ ਮਿਊਚੁਅਲ ਫੰਡਾਂ (ਐੱਮ. ਐੱਫ.) ਨੇ ਜੁਲਾਈ ਵਿਚ ਸ਼ਾਨਦਾਰ ਮਹੀਨਾਵਾਰ ਨਿਵੇਸ਼ ਦਰਜ ਕੀਤਾ ਹੈ। ਇਕੁਇਟੀ ਬਾਜ਼ਾਰਾਂ ਵਿਚ ਸਕਾਰਾਤਮਕ ਨਿਵੇਸ਼ਕ ਧਾਰਨਾ ਦਾ ਫਾਇਦਾ ਲੈਣ ਲਈ ਨਵੀਆਂ ਫੰਡ ਪੇਸ਼ਕਸ਼ਾਂ (ਐੱਨ. ਐੱਫ. ਓ.) ਨਾਲ ਵੀ ਉਤਸ਼ਾਹ ਵਧਿਆ ਹੈ।

ਇਕੁਇਟੀ ਯੋਜਨਾਵਾਂ ਨੇ 22,583 ਕਰੋੜ ਰੁਪਏ ਦਾ ਸ਼ੁੱਧ ਪੂੰਜੀ ਨਿਵੇਸ਼ ਦਰਜ ਕੀਤਾ ਹੈ, ਜੋ ਅਗਸਤ 2017 ਤੋਂ ਬਾਅਦ ਦਾ ਸਰਵਉੱਚ ਹੈ। ਅਗਸਤ 2017 ਵਿਚ ਪੂੰਜੀ ਨਿਵੇਸ਼ 20,363 ਕਰੋੜ ਰੁਪਏ 'ਤੇ ਦਰਜ ਕੀਤਾ ਗਿਆ ਸੀ।

ਆਈ. ਸੀ. ਆਈ. ਸੀ. ਪਰੂਡੈਂਸ਼ੀਅਲ ਫਲੈਕਸੀਕੈਪ ਐੱਨ. ਐੱਫ. ਓ. ਜ਼ਰੀਏ ਸੰਪਤੀ ਪ੍ਰਬੰਧਨ ਉਦਯੋਗ ਨੇ ਤਕਰੀਬਨ 13,709 ਕਰੋੜ ਰੁਪਏ ਜੁਟਾਏ।

ਮੌਜੂਦਾ ਇਕੁਇਟੀ ਫੰਡਾਂ ਨੇ ਵੀ ਮਿਡ-ਕੈਪ ਅਤੇ ਸਮਾਲ ਕੈਪ ਸ਼ੇਅਰਾਂ ਵਿਚ ਭਾਰੀ ਤੇਜ਼ੀ ਦੇ ਬਾਵਜੂਦ ਲਗਾਤਾਰ ਨਿਵੇਸ਼ ਆਕਰਸ਼ਤ ਕੀਤਾ, ਭਾਵੇਂ ਹੀ ਲਾਰਜ ਕੈਪ ਸ਼੍ਰੇਣੀ ਜੁਲਾਈ ਵਿਚ ਸਪਾਟ ਬਣੀ ਰਹੀ। ਆਦਿੱਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ. ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਏ. ਬਾਲਾਸੁਬਰਾਮਣੀਅਮ ਦਾ ਕਹਿਣਾ ਹੈ ਕਿ ਪੂੰਜੀ ਨਿਵੇਸ਼ ਵੱਖ-ਵੱਖ ਸ਼੍ਰੇਣੀਆਂ ਤੋਂ ਆ ਰਿਹਾ ਹੈ ਅਤੇ ਐੱਸ. ਆਈ. ਪੀ. ਵਿਚ ਠਹਿਰਾਅ ਵੀ ਦੂਰ ਹੋ ਰਿਹਾ ਹੈ। ਉੱਥੇ ਹੀ, ਪਿਛਲੇ ਇਕ ਸਾਲ ਵਿਚ ਔਸਤ ਲਾਰਜ ਕੈਪ ਫੰਡਾਂ ਨੇ 46.5 ਫ਼ੀਸਦੀ ਦਾ ਰਿਟਰਨ ਦਿੱਤਾ, ਜਦੋਂ ਕਿ ਮਿਡ ਕੈਪ ਤੇ ਸਮਾਲ ਕੈਪ ਫੰਡਾਂ ਨੇ 71 ਫ਼ੀਸਦੀ ਅਤੇ 98 ਫ਼ੀਸਦੀ ਰਿਟਰਨ ਦਿੱਤਾ। ਐੱਸ. ਆਈ. ਪੀ. ਜ਼ਰੀਏ ਵੀ ਨਿਵੇਸ਼ ਜੂਨ ਦੇ ਮੁਕਾਬਲੇ ਜੁਲਾਈ ਵਿਚ ਵਧਿਆ ਸੀ। ਜੁਲਾਈ ਵਿਚ ਐੱਸ. ਆਈ. ਪੀ. ਦਾ ਯੋਗਦਾਨ 9,609 ਕਰੋੜ ਰੁਪਏ ਰਿਹਾ, ਜੋ ਜੂਨ ਵਿਚ 9,155 ਕਰੋੜ ਰੁਪਏ ਸੀ।
 


Sanjeev

Content Editor

Related News