200 ਕਰੋੜ ਦੀਆਂ ਅਣ-ਐਲਾਨੀਆਂ ਜਾਇਦਾਦਾਂ ਖਰੀਦਣ ਵਾਲੇ GST ਅਧਿਕਾਰੀਆਂ ਦੀ ਜਾਂਚ ਸ਼ੁਰੂ

Friday, Oct 17, 2025 - 11:13 PM (IST)

200 ਕਰੋੜ ਦੀਆਂ ਅਣ-ਐਲਾਨੀਆਂ ਜਾਇਦਾਦਾਂ ਖਰੀਦਣ ਵਾਲੇ GST ਅਧਿਕਾਰੀਆਂ ਦੀ ਜਾਂਚ ਸ਼ੁਰੂ

ਲਖਨਊ (ਨਾਸਿਰ)-ਰਾਜ ਕਰ ਵਿਭਾਗ ਨਾਲ ਜੁੜੇ ਅਧਿਕਾਰੀਆਂ ਵੱਲੋਂ ਸੁਲਤਾਨਪੁਰ ਰੋਡ ’ਤੇ 200 ਕਰੋੜ ਰੁਪਏ ਦੀਆਂ ਅਣ-ਐਲਾਨੀਆਂ ਜਾਇਦਾਦਾਂ ਖਰੀਦਣ ਦੇ ਮਾਮਲੇ ਦੀ ਜਾਂਚ ਆਮਦਨ ਕਰ ਵਿਭਾਗ ਅਤੇ ਯੂ. ਪੀ. ਐੱਸ. ਟੀ. ਐੱਫ. ਨੇ ਸ਼ੁਰੂ ਕਰ ਦਿੱਤੀ ਹੈ। ਆਮਦਨ ਕਰ ਵਿਭਾਗ ਦੀ ਬੇਨਾਮੀ ਜਾਇਦਾਦ ਰੋਕੂ ਇਕਾਈ ਨੇ ਰਾਜ ਕਰ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦੇ ਨਾਂ ਮੰਗੇ ਹਨ। ਸਰਕਾਰ ਦੇ ਹੁਕਮਾਂ ’ਤੇ ਐੱਸ. ਟੀ. ਐੱਫ. ਦੀ ਟੀਮ ਵੀ ਗੁਪਤ ਜਾਂਚ ’ਚ ਜੁਟੀ ਹੋਈ ਹੈ।
ਸੂਤਰਾਂ ਅਨੁਸਾਰ, ਇਸ ਮਾਮਲੇ ’ਚ ਲੱਗਭਗ 50 ਅਧਿਕਾਰੀਆਂ ਨੇ ਇਕ ਬਿਲਡਰ ਦੇ ਪ੍ਰਾਜੈਕਟ ’ਚ ਨਿਵੇਸ਼ ਕੀਤਾ। ਇਹ ਅਧਿਕਾਰੀ ਫਲਾਇੰਗ ਸਕੁਐਡ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਵਿੰਗ ’ਚ ਤਾਇਨਾਤ ਹਨ ਜਾਂ ਪਹਿਲਾਂ ਤਾਇਨਾਤ ਰਹਿ ਚੁੱਕੇ ਸਨ। ਕਈ ਅਧਿਕਾਰੀਆਂ ਨੇ ਬਿਲਡਰ ਦੇ ਪ੍ਰਾਜੈਕਟ ’ਚ ਪਲਾਟ ਖਰੀਦੇ, ਜੋ ਕਿ ਕਥਿਤ ਤੌਰ ’ਤੇ ਇਕ ਜੀ. ਐੱਸ. ਟੀ. ਅਧਿਕਾਰੀ ਦੇ ਰਿਸ਼ਤੇਦਾਰ ਦੇ ਹਨ।

ਜਾਂਚ ’ਚ ਪਤਾ ਲੱਗਾ ਹੈ ਕਿ ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਗਾਜ਼ੀਆਬਾਦ, ਆਗਰਾ, ਲਖਨਊ, ਕਾਨਪੁਰ, ਵਾਰਾਣਸੀ, ਮੁਰਾਦਾਬਾਦ, ਮੇਰਠ ਅਤੇ ਗੌਤਮਬੁੱਧ ਨਗਰ ਵਰਗੇ ਜ਼ਿਲਿਆਂ ’ਚ ਸੀ। ਹੁਣ ਤੱਕ ਜਿਨ੍ਹਾਂ ਅਧਿਕਾਰੀਆਂ ਦੇ ਨਾਂ ਅਤੇ ਜਾਇਦਾਦ ਦੇ ਕਾਗਜ਼ਾਤ ਮਿਲੇ ਹਨ, ਉਹ ਸਹਾਰਨਪੁਰ, ਲਖਨਊ, ਆਜ਼ਮਗੜ੍ਹ, ਲਖੀਮਪੁਰ ਖੀਰੀ, ਮਿਰਜ਼ਾਪੁਰ ਅਤੇ ਕਾਨਪੁਰ ਸਮੇਤ 10 ਜ਼ਿਲਿਆਂ ’ਚ ਤਾਇਨਾਤ ਹੈ। ਐੱਸ. ਟੀ. ਐੱਫ. ਦੀ ਟੀਮ ਦੇ ਅਗਵਾਈ ’ਚ ਕੀਤੀ ਜਾ ਰਹੀ ਜਾਂਚ ’ਚ ਗ਼ੈਰ-ਕਾਨੂੰਨੀ ਜਾਇਦਾਦ ਖਰੀਦ ਅਤੇ ਕਾਲਾ ਧਨ ਨਿਵੇਸ਼ ਦੇ ਪੁਖਤਾ ਸੁਰਾਗ ਮਿਲਣ ’ਤੇ ਸਰਕਾਰ ਨੂੰ ਰਿਪੋਰਟ ਸੌਂਪੀ ਜਾਵੇਗੀ।


author

Hardeep Kumar

Content Editor

Related News